
ਜਲਵਾਯੂ ਪ੍ਰਤੀ ਕਾਰਵਾਈ
ਬੀ.ਸੀ. ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ, ਜੋ ਅਣਗਿਣਤ ਜਾਨਵਰਾਂ ਦੀਆਂ ਜਾਤੀਆਂ, ਬਹੁਮੁੱਲੀਆਂ ਵਾਤਾਵਰਣ ਪ੍ਰਣਾਲੀਆਂ ਅਤੇ ਬਾਇਓਡਾਇਵਰਸਿਟੀ ਦਾ ਘਰ ਹੈ।
ਪਰ ਪਿਛਲੇ ਕੁਝ ਸਾਲਾਂ ਵਿੱਚ ਜੰਗਲੀ ਅੱਗਾਂ, ਹੜ੍ਹ ਅਤੇ ਅਤਿਅੰਤ ਦੀ ਗਰਮੀ ਸਮੇਤ ਜਲਵਾਯੂ ਨਾਲ ਸਬੰਧਤ ਆਫ਼ਤਾਂ ਨੇ ਬੀ.ਸੀ. ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਅਸਰ ਪਾਇਆ ਹੈ। ਮੌਜੂਦਾ ਪੀੜ੍ਹੀ ਅਤੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਲਈ ਬੀ.ਸੀ. ਦੇ ਕੁਦਰਤੀ ਲੈਂਡਸਕੇਪ ਦੀ ਸੰਭਾਲ ਅਤੇ ਸੁਰੱਖਿਆ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਨਵਾਂ ਐਨਰਜੀ ਫ੍ਰੇਮਵਰਕ (ਊਰਜਾ ਵਿੱਚ ਕੰਮ ਦਾ ਨਵਾਂ ਢਾਂਚਾ)
ਕਈ ਸਾਲਾਂ ਦੀਆਂ ਰਿਕੌਰਡ-ਤੋੜ ਜੰਗਲੀ ਅੱਗਾਂ, ਗਰਮੀ ਦੀਆਂ ਲਹਿਰਾਂ ਅਤੇ ਹੜ੍ਹਾਂ ਤੋਂ ਬਾਅਦ, ਬੀ.ਸੀ. ਵਿੱਚ ਲੋਕ ਅਤੇ ਭਾਈਚਾਰੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਮਹਿਸੂਸ ਕਰ ਰਹੇ ਹਨ। ਇਹ ਸਪਸ਼ਟ ਹੈ ਕਿ ਸਾਨੂੰ ਆਪਣੇ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਅਤੇ ਸਾਫ ਊਰਜਾ ਵਿੱਚ ਇੱਕ ਮੋਢੀ ਵਜੋਂ ਅੱਗੇ ਵਧਣ ਦੀ ਲੋੜ ਹੈ। ਸਾਡਾ ਨਵਾਂ ਊਰਜਾ ਕਾਰਵਾਈ ਢਾਂਚਾ (Energy Action Framework) ਉਦਯੋਗ ਨੂੰ ਨਿਸ਼ਚਿਤਤਾ ਦੇਵੇਗਾ, ਚੰਗੀਆਂ ਨੌਕਰੀਆਂ ਪੈਦਾ ਕਰੇਗਾ, ਇੱਕ ਸਾਫ਼ ਆਰਥਿਕਤਾ ਦਾ ਨਿਰਮਾਣ ਕਰੇਗਾ, ਫ਼ਰਸਟ ਨੇਸ਼ਨਜ਼ ਦਾ ਸਨਮਾਨ ਕਰੇਗਾ, ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖੇਗਾ।

ਵਧਦੀ ਅਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ
ਬੀ.ਸੀ. ਦੀ ਅਬਾਦੀ ਪਹਿਲਾਂ ਨਾਲੋਂ ਹੋਰ ਤੇਜ਼ੀ ਨਾਲ ਵਧ ਰਹੀ ਹੈ ਅਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਚਲਾਉਣ ਲਈ ਉਹਨਾਂ ਸੇਵਾਵਾਂ ਅਤੇ ਬੁਨਿਆਦੀ ਢਾਂਚੇ ਦੀ ਲੋੜ ਹੈ, ਜਿਨ੍ਹਾਂ ‘ਤੇ ਉਹ ਭਰੋਸਾ ਕਰਦੇ ਹਨ। ਸਾਨੂੰ ਜਨਸੰਖਿਆ ਦੇ ਵਾਧੇ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਕਰਨ ਦੀ ਵੀ ਲੋੜ ਹੈ। ਅਸੀਂ ਮੈਟਰੋ ਵੈਨਕੂਵਰ ਵਿੱਚ ‘ਆਇਓਨਾ ਆਇਲੈਂਡ ਵੇਸਟਵਾਟਰ ਟ੍ਰੀਟਮੈਂਟ ਪਲਾਂਟ’ ਦੀ ਅੱਪਗ੍ਰੇਡ ਵਰਗੇ ਪ੍ਰੋਜੈਕਟਾਂ ਨੂੰ ਸਹਿਯੋਗ ਦੇ ਰਹੇ ਹਾਂ। ਪਲਾਂਟ ਵਿੱਚ ਕੀਤਾ ਜਾਣ ਵਾਲਾ ਸੁਧਾਰ, ਆਉਣ ਵਾਲੇ ਕਈ ਸਾਲਾਂ ਦੌਰਾਨ ਇੱਥੋਂ ਦੇ ਨਿਵਾਸੀਆਂ ਅਤੇ ਆਲੇ-ਦੁਆਲੇ ਦੇ ਪਾਣੀ ਦੇ ਵਾਤਾਵਰਣ ਦੀ ਸੁਰੱਖਿਆ ਕਰੇਗਾ।

ਵਾਤਾਵਰਣ ਲਈ ਹੋਰ ਸਾਫ਼ ਸੁਥਰੇ ਸਫ਼ਰ ਦੇ ਵਿਕਲਪ
ਜਦੋਂ ਲੋਕ ਪੈਦਲ, ਸਾਈਕਲ ਜਾਂ ਪਬਲਿਕ ਯਾਤਾਯਾਤ ਦੇ ਸਾਧਨ ਲੈ ਸਕਦੇ ਹਨ, ਤਾਂ ਅਸੀਂ ਸਾਰੇ ਚੁਸਤੀ ਅਤੇ ਸਿਹਤਮੰਦ ਜੀਵਨ ਦੇ ਮਾਹੌਲ ਤੋਂ ਲਾਭ ਉਠਾਉਂਦੇ ਹਾਂ। $100 ਮਿਲੀਅਨ ਦਾ ਨਿਵੇਸ਼ ਐਕਟਿਵ ਟ੍ਰਾਂਸਪੋਰਟੇਸ਼ਨ (ਅਜਿਹੀ ਆਵਾਜਾਈ ਜਿਸ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਪੈਦਲ ਤੁਰਨਾ, ਸਾਈਕਲ ਚਲਾਉਣਾ ਆਦਿ) ਦੇ ਨੈਟਵਰਕਾਂ ਦਾ ਵਿਸਤਾਰ ਕਰੇਗਾ, ਅਤੇ ਹੋਰ $40 ਮਿਲੀਅਨ ਨਾਲ ਇਲੈਕਟ੍ਰਿਕ ਵਾਹਨ ਪ੍ਰੋਜੈਕਟਾਂ ਦੀ ਮਦਦ ਹੋਵੇਗੀ , ਜਿਸ ਨਾਲ ਵਧੇਰੇ ਲੋਕ ਅਤੇ ਕਾਰੋਬਾਰ ‘ਜ਼ੀਰੋ-ਐਮਿਸ਼ਨ’ ਵਾਹਨਾਂ ਦੀ ਚੋਣ ਕਰ ਸਕਣਗੇ।

‘ਕਲਾਈਮੇਟ ਰੈਡੀ’ ਕਮਿਊਨਟੀਆਂ ਦਾ ਸਮਰਥਨ ਕਰਨਾ
ਜਲਵਾਯੂ ਤਬਦੀਲੀ ਦੇ ਮੱਦੇਨਜ਼ਰ, ਜਲਵਾਯੂ ਤਬਦੀਲੀਆਂ ਦੇ ਅਨੁਕੂਲ ਕਮਿਊਨਟੀਆਂ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਅਤੇ ਅਜੇਹਾ ਟਿਕਾਊ ਬੁਨਿਆਦੀ ਢਾਂਚਾ ਉਪਲਬਧ ਕਰਾਉਣਾ, ਜਿਸ ਦੀ ਉਹਨਾਂ ਨੂੰ ਲੋੜ ਹੈ। $1.1 ਬਿਲੀਅਨ ਦਾ ਨਿਵੇਸ਼ ਲੋਕਾਂ ਨੂੰ ਭਵਿੱਖ ਵਿੱਚ ਜਲਵਾਯੂ ਸੰਬੰਧਿਤ ਘਟਨਾਵਾਂ ਲਈ ਬੇਹਤਰ, ਅਤੇ ਸੁਰੱਖਿਅਤ ਭਾਈਚਾਰਿਆਂ ਦਾ ਨਿਰਮਾਣ ਕਰਨ ਵਿੱਚ ਮਦਦ ਕਰੇਗਾ।

ਬੀ.ਸੀ. ਦੇ ਜੰਗਲਾਂ ਦੀ ਸੰਭਾਲ ਲਈ ਹੋਰ ਕਾਰਵਾਈ
ਬੀ.ਸੀ. ਜੰਗਲਾਂ ਦੇ ਪ੍ਰਬੰਧਨ ਦੇ ਤਰੀਕੇ ਨੂੰ ਬਦਲ ਰਿਹਾ ਹੈ ਅਤੇ ਸਾਡੇ ਜੰਗਲਾਂ ਦੀ ਪ੍ਰਫੁੱਲਤਾ ਨੂੰ ਪਹਿਲ ਦੇਣ ਲਈ ਵਧੇਰੇ ਲੋਕਾਂ ਦੇ ਵਿਚਾਰਾਂ ਨੂੰ ਸ਼ਾਮਲ ਕਰ ਰਿਹਾ ਹੈ। ਸਾਡੀ ਯੋਜਨਾ ਵਿੱਚ ਹੋਰ ਪੁਰਾਣੇ ਦਰੱਖਤਾਂ ਨੂੰ ਸੁਰੱਖਿਅਤ ਰੱਖਣਾ ਅਤੇ ਲੋਕਾਂ ਨੂੰ ਕੰਮਾਂ ‘ਤੇ ਬਰਕਰਾਰ ਰੱਖਣ ਲਈ ਨਵੀਨਤਾਕਾਰੀ ਵਿੱਚ ਤੇਜ਼ੀ ਲਿਆਉਣਾ ਸ਼ਾਮਲ ਹੈ।

ਇੰਨਕੌਮੈਪੱਲਯੂ ਵੈਲੀ (Incomappleux Valley) ਦੀ ਸੰਭਾਲ
2030 ਤੱਕ ਕੁਦਰਤ ਦੇ 30% ਹਿੱਸੇ ਨੂੰ ਸੁਰੱਖਿਅਤ ਰੱਖਣ ਦੀ ਬੀ.ਸੀ. ਦੀ ਵਚਨਬੱਧਤਾ ਦੇ ਭਾਗ ਵਜੋਂ ਅੰਦਰਲੇ ਇਲਾਕੇ ਵਿੱਚ ਸਥਿਤ ਦੁਰਲੱਭ ਬਰਸਾਤੀ ਜੰਗਲ ਦਾ ਇੱਕ ਵੱਡਾ ਹਿੱਸਾ ਹੁਣ ਸੁਰੱਖਿਅਤ ਹੈ। ਇੰਨਕੌਮੈਪੱਲਯੂ ਵੈਲੀ (Incomappleux Valley) ਪੁਰਾਣੇ ਦਰੱਖਤਾਂ, ਬਹੁਤ ਸਾਰੇ ਜਾਨਵਰਾਂ ਅਤੇ ਪੌਦਿਆਂ ਦਾ ਘਰ ਹੈ, ਅਤੇ ਆਪਣੀ ਕਿਸਮ ਦੇ ਸਿਰਫ਼ ਕੁਝ ਹਲਕੇ ਜਲਵਾਯੂ ਖੇਤਰ ਵਾਲੇ ਬਰਸਾਤੀ ਜੰਗਲਾਂ ਵਿੱਚੋਂ ਇੱਕ ਹੈ।

ਸਾਫ਼ ਊਰਜਾ ਸਮਾਧਾਨਾਂ ਬਾਰੇ ਇੰਡੀਜਨਸ (ਮੂਲਵਾਸੀ) ਭਾਈਚਾਰਿਆਂ ਨਾਲ ਭਾਈਵਾਲੀ
ਡੀਜ਼ਲ ਸ਼ਕਤੀ ਨੂੰ ਤਬਦੀਲ ਕਰਨ, ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਫਰਸਟ ਨੇਸ਼ਨਜ਼ ਲਈ ਊਰਜਾ ਸਬੰਧੀ ਆਤਮ-ਨਿਰਭਰਤਾ ਵਿੱਚ ਵਾਧਾ ਕਰਨ ਲਈ, ਅਸੀਂ ਮੂਲਵਾਸੀ ਭਾਈਚਾਰਿਆਂ ਨਾਲ ਭਾਈਵਾਲੀ ਕਰ ਰਹੇ ਹਾਂ।

ਵਧੇਰੇ ਟਿਕਾਊ ਤਰੀਕੇ ਨਾਲ ਜ਼ਮੀਨ ਦੀ ਵਰਤੋਂ
ਅਸੀਂ ਕਿਸਾਨਾਂ ਅਤੇ ਉਤਪਾਦਕਾਂ ਨਾਲ ਸਹਿਯੋਗ ਕਰਨਾ ਜਾਰੀ ਰੱਖ ਰਹੇ ਹਾਂ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਮਿੱਟੀ ਅਤੇ ਫ਼ਸਲਾਂ, ਜਿਨ੍ਹਾਂ ਉੱਤੇ ਅਸੀਂ ਸਾਰੇ ਨਿਰਭਰ ਕਰਦੇ ਹਾਂ, ਭਵਿੱਖ ਵਿੱਚ ਸਾਨੂੰ ਭੋਜਨ ਦਿੰਦੀਆ ਰਹਿਣ।
ਇਸ ਵਿੱਚ ਖੇਤਾਂ ਦੀ ਸਥਿਰਤਾ ਦਾ ਪੱਧਰ ਵਧਾਉਣ ਲਈ ਨਿਵੇਸ਼ ਕਰਨਾ, ਬੀ.ਸੀ. ਦੇ ਜੰਗਲਾਂ ਨੂੰ ਮਜ਼ਬੂਤ ਕਰਨਾ, ਅਤੇ ਇੰਡੀਜਨਸ ਫੌਰੈਸਟ ਬਾਇਉਇਕੌਨੋਮੀ ਪ੍ਰੋਗਰਾਮ ਦਾ ਦਾਇਰਾ ਵਧਾਉਣਾ ਸ਼ਾਮਲ ਹੈ, ਜਿਸ ਨਾਲ ਇੰਡੀਜਨਸ ਭਾਈਵਾਲਾਂ ਨੂੰ ਬਾਜ਼ਾਰੀਕਰਣ ਕਰਨ ਵਿੱਚ ਅਤੇ ਜੰਗਲਾਤ-ਅਧਾਰਤ ਨਵੀਨਤਾਕਾਰੀ ਉਤਪਾਦਾਂ ਦਾ ਪੱਧਰ ਵਧਾਉਣ ਵਿੱਚ ਮਦਦ ਮਿਲੇਗੀ।

ਲੋਕਾਂ ਅਤੇ ਭਾਈਚਾਰਿਆਂ ਨੂੰ ਜਲਵਾਯੂ-ਸਬੰਧਤ ਆਫ਼ਤਾਂ ਤੋਂ ਬਚਾਉਣਾ
ਅਸੀਂ ਲੋਕਾਂ ਅਤੇ ਭਾਈਚਾਰਿਆਂ ਨੂੰ ਭਵਿੱਖ ਦੀਆਂ ਜਲਵਾਯੂ-ਸਬੰਧਤ ਆਫ਼ਤਾਂ ਤੋਂ ਬਚਾਉਣ ਲਈ ਅੱਗਾਂ ਅਤੇ ਹੜ੍ਹਾਂ ਤੋਂ ਹੋਏ ਨੁਕਸਾਨ ਦੀ ਬਿਹਤਰ ਢੰਗ ਨਾਲ ਮੁੜ ਉਸਾਰੀ ਕਰਨ ਲਈ ਨਿਵੇਸ਼ ਕਰ ਰਹੇ ਹਾਂ।

ਭਾਈਚਾਰਿਆਂ ਲਈ ਆਵਾਜਾਈ ਦੇ ਵਧੇਰੇ ਸਾਫ਼ ਵਿਕਲਪ
ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਭਾਈਚਾਰਿਆਂ ਨੂੰ ਵਧੇਰੇ ਬਾਈਕ ਲੇਨਾਂ, ਬਹੁ-ਵਰਤੋਂ ਵਾਲੇ ਪਾਥਵੇਅ ਅਤੇ ਆਵਾਜਾਈ ਦੇ ਹੋਰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਲਈ ਉਨ੍ਹਾਂ ਨੂੰ ਲੋੜੀਂਦੀ ਮਾਲੀ ਮਦਦ ਮਿਲ ਸਕੇ, ਤਾਂ ਕਿ ਲੋਕਾਂ ਨੂੰ ਇਧਰ-ਉਧਰ ਆਉਣ-ਜਾਣ ਲਈ ਵਾਤਾਵਰਣਕ ਤੌਰ ‘ਤੇ ਵਧੇਰੇ ਸਾਫ਼ ਵਿਕਲਪ ਹਾਸਲ ਹੋ ਸਕਣ।

ਬੀ.ਸੀ. ਵਿੱਚ ਪੁਰਾਣੀ ਪੈਦਾਵਾਰ ਦੀ ਸੁਰੱਖਿਆ
ਅਸੀਂ ਫਰਸਟ ਨੇਸ਼ਨਜ਼ ਨਾਲ ਭਾਈਵਾਲੀ ਅਧੀਨ ਕੰਮ ਕਰ ਰਹੇ ਹਾਂ ਤਾਂ ਕਿ ਬੀ.ਸੀ. ਦੇ ਸਭ ਤੋਂ ਵੱਧ ਖ਼ਤਰੇ ਅਧੀਨ ਆਉਂਦੇ, ਪੁਰਾਣੇ ਉੱਗੇ ਹੋਏ ਜੰਗਲਾਂ ਦੇ 2.6 ਮਿਲੀਅਨ ਹੈਕਟੇਅਰ ਰਕਬੇ ਦੇ ਅੰਦਰ ਖੜ੍ਹੀ ਪੁਰਾਣੀ ਪੈਦਾਵਾਰ ਦੇ ਪੁਰਾਤਨ, ਦੁਰਲੱਭ ਅਤੇ ਵੱਡੇ ਆਕਾਰ ਦੇ ਰੁੱਖਾਂ ਦੀ ਕਟਾਈ ਨੂੰ ਟਾਲਣ ਨੂੰ ਤਰਜੀਹ ਦਿੱਤੀ ਜਾ ਸਕੇ।

ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣਾ
ਬੀ.ਸੀ. ਹਰ ਸਾਲ ਸੈਂਕੜੇ ਮਿਲੀਅਨ ਦਰੱਖ਼ਤ ਲਗਾ ਰਿਹਾ ਹੈ ਅਤੇ ਹੋਰ ਜ਼ਿਆਦਾ ਪਾਰਕ ਬਣਾ ਰਿਹਾ ਹੈ ਤਾਂ ਕਿ ਕੁਦਰਤ ਦੀ ਕਾਰਬਨ ਡਾਇਔਕਸਾਈਡ ਨੂੰ ਸੋਖਣ ਦੀ ਸਮਰੱਥਾ ਦੀ ਵਰਤੋਂ ਕੀਤੀ ਜਾ ਸਕੇ। 2018 ਤੋਂ ਲੈ ਕੇ, ਅਸੀਂ ਇੱਕ ਬਿਲੀਅਨ ਤੋਂ ਵੱਧ ਦਰੱਖ਼ਤ ਲਗਾ ਚੁੱਕੇ ਹਾਂ, ਜਿਸ ਵਿੱਚ ਇਕੱਲੇ ਇਸ ਵਰ੍ਹੇ ਦੌਰਾਨ ਲਗਾਏ ਗਏ 301 ਮਿਲੀਅਨ ਦਰੱਖ਼ਤ ਵੀ ਸ਼ਾਮਲ ਹਨ।

ਜਲਵਾਯੂ ਤਬਦੀਲੀ ਬਾਰੇ ਕਾਰਵਾਈ
ਕਲੀਨ ਬੀ ਸੀ (CleanBC), 2030 ਤੱਕ ਜਲਵਾਯੂ-ਬਦਲਣ ਵਾਲੇ ਨਿਕਾਸਾਂ ਨੂੰ 40% ਤੱਕ ਘਟਾਉਣ ਦੀ ਬੀ.ਸੀ. ਦੀ ਯੋਜਨਾ ਹੈ ਅਤੇ ਅਸੀਂ ਪਹਿਲਾਂ ਤੋਂ ਹੀ ਤਰੱਕੀ ਕਰ ਰਹੇ ਹਾਂ। ਪਰ ਜਲਵਾਯੂ ਦੀ ਐਮਰਜੈਂਸੀ ਦੇ ਪੈਮਾਨੇ ‘ਤੇ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਇਸ ਨਾਲੋਂ ਵੀ ਵਧੇਰੇ ਸ਼ਿੱਦਤ ਨਾਲ ਕੰਮ ਕਰੀਏ। ਇਸ ਲਈ ਜਿਹੜੇ ਉਪਾਅ ਕੰਮ ਕਰ ਰਹੇ ਹਨ ਉਹਨਾਂ ਵਿੱਚ ਵਾਧਾ ਕਰ ਰਹੇ ਹਾਂ ਅਤੇ ਹੋਰ ਨਵੇਂ ਉਪਾਅ ਲੈ ਕੇ ਆ ਰਹੇ ਹਾਂ ਤਾਂ ਜੋ ਅਸੀਂ ਆਪਣੇ ਉਤਸ਼ਾਹਪੂਰਨ ਜਲਵਾਯੂ ਟੀਚਿਆਂ ਨੂੰ ਪੂਰਾ ਕਰ ਸਕੀਏ। ਇਹ ਕਾਰਵਾਈ ਕਰਨ ਲਈ ਬੀ.ਸੀ. ਭਾਈਵਾਲਾਂ, ਉਦਯੋਗ ਅਤੇ ਸਥਾਨਕ ਸਰਕਾਰਾਂ ਨਾਲ ਮੇਲ-ਜੋਲ ਕਰ ਰਿਹਾ ਹੈ। ਇਕੱਠੇ ਮਿਲਕੇ, ਅਸੀਂ ਕੁਦਰਤ ਨੂੰ ਸੁਰੱਖਿਅਤ ਰੱਖ ਰਹੇ ਹਾਂ, ਇੱਕ ਸਾਫ਼-ਸੁਥਰੀ ਆਰਥਕਤਾ ਬਣਾ ਰਹੇ ਹਾਂ ਅਤੇ ਸਾਡੇ ਭਵਿੱਖ ਦੇ ਜਲਵਾਯੂ ਲਈ ਭਾਈਚਾਰਿਆਂ ਨੂੰ ਤਿਆਰ ਕਰ ਰਹੇ ਹਾਂ।

ਸਾਡੇ ਪਾਣੀਆਂ ਨੂੰ ਸਾਫ਼ ਰੱਖਣਾ ਅਤੇ ਕੁਦਰਤੀ ਵਾਸ ਦੀ ਸੁਰੱਖਿਆ
ਅਸੀਂ ਸਾਇਮਨ ਦੇ ਕੁਦਰਤੀ ਵਾਸ ਨੂੰ ਸੁਰੱਖਿਅਤ ਰੱਖ ਰਹੇ ਹਾਂ ਅਤੇ ਆਪਣੇ ਤਾਜ਼ਾ ਪਾਣੀ ਦੇ ਸ੍ਰੋਤਾਂ ਨੂੰ ਬਚਾਉਣ ਦੇ ਨਾਲ ਨਾਲ ਸਾਡੇ ਖ਼ੂਬਸੂਰਤ ਸਮੁੰਦਰੀ ਕੰਢਿਆਂ ਅਤੇ ਸਮੁੰਦਰ ਤੋਂ ਪਲਾਸਟਿਕ ਦੇ ਮਲਬੇ ਨੂੰ ਸਾਫ਼ ਕਰਨ ਲਈ ਉਦਯੋਗਾਂ ਵਿਚਲੇ ਭਾਈਵਾਲਾਂ ਨਾਲ ਵੀ ਸਹਿਯੋਗ ਕਰ ਰਹੇ ਹਾਂ।

ਜਲਵਾਯੂ-ਸਬੰਧੀ ਕਾਰਵਾਈ ਕਰਨ ਲਈ ਸਥਾਨਕ ਸਰਕਾਰਾਂ ਦੀ ਸਹਾਇਤਾ
ਅਸੀਂ ਸਥਾਨਕ ਸਰਕਾਰਾਂ ਨੂੰ ਜਲਵਾਯੂ ਸਬੰਧੀ ਕਾਰਵਾਈ ਦਾ ਪੱਧਰ ਵਧਾਉਣ ਲਈ ਮਾਲੀ ਮਦਦ ਦੇ ਕੇ ਬੀ ਸੀ ਦੇ ਭਾਈਚਾਰਿਆਂ ਦੀ ਜਲਵਾਯੂ ਪਰਿਵਰਤਨ ਵਿਰੁੱਧ ਸੰਘਰਸ਼ ਕਰਨ ਅਤੇ ਲੋਕਾਂ ਲਈ ਇੱਕ ਵਧੇਰੇ ਸ਼ੁੱਧ, ਵਧੇਰੇ ਮਜ਼ਬੂਤ ਆਰਥਕਤਾ ਦਾ ਨਿਰਮਾਣ ਕਰਨ ਵਿੱਚ ਮਦਦ ਕਰ ਸਕਦੇ ਹਾਂ।

ਚਿਰ-ਸਥਾਈ ਸ੍ਰੋਤ ਵਿਕਾਸ
ਅਸੀਂ ਚਿਰ-ਸਥਾਈ ਸ੍ਰੋਤ ਵਿਕਾਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇੱਕ ਸੁਰੱਖਿਅਤ ਖਾਣ ਖੇਤਰ ਦਾ ਵਿਕਾਸ ਕਰ ਰਹੇ ਹਾਂ, ਜੰਗਲਾਤ ਖੇਤਰ ਵਿੱਚ ਕਾਮਿਆਂ ਅਤੇ ਕਾਰੋਬਾਰਾਂ ਦੀ ਮਦਦ ਕਰ ਰਹੇ ਹਾਂ, ਅਤੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ ਨੌਕਰੀਆਂ ਪੈਦਾ ਕਰਨ ਲਈ ਕੰਮ ਕਰ ਰਹੇ ਹਾਂ।

ਬੀ.ਸੀ. ਵਿੱਚ ਵਾਤਾਵਰਣ ਨੂੰ ਵਧੇਰੇ ਸਾਫ਼ ਰੱਖਣ ਵਾਲੇ ਉਦਯੋਗ
ਬਿਲਕੁਲ ਇਸ ਸਮੇਂ, ਸਾਡੀਆਂ ਊਰਜਾ ਦੀਆਂ 20% ਦੇ ਕਰੀਬ ਲੋੜਾਂ ਬਿਜਲੀ ਤੋਂ ਪੂਰੀਆਂ ਹੁੰਦੀਆਂ ਹਨ। ਬੀ ਸੀ ਹਾਈਡਰੋ ਦੀ ਮਦਦ ਨਾਲ, ਅਸੀਂ ਆਪਣੀ ਆਰਥਕਤਾ ਦਾ ਬਿਜਲੀਕਰਣ ਕਰਨ ਅਤੇ ਇਸ ਪ੍ਰਤੀਸ਼ਤ ਨੂੰ ਹੋਰ ਵਧਾਉਣ ਲਈ ਯੋਜਨਾ ਬਣਾਈ ਹੈ।
ਵਾਤਾਵਰਣ ਨੂੰ ਵਧੇਰੇ ਸਾਫ਼ ਰੱਖਣ ਵਾਲੇ ਉਦਯੋਗ ਅਤੇ ਨਵੀਨਤਾਕਾਰੀ ਲਈ ਮਾਲੀ ਮਦਦ ਨਾਲ, ਜਿਸ ਵਿੱਚ ਉਦਯੋਗ ਲਈ ਕਲੀਨ ਬੀ ਸੀ (CleanBC) ਪ੍ਰੋਗਰਾਮ ਦਾ ਪੱਧਰ ਵਧਾਉਣਾ ਸ਼ਾਮਲ ਹੈ, ਸਾਨੂੰ ਆਪਣੇ ਘੱਟ-ਕਾਰਬਨ ਆਰਥਕ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਆਫ਼ਤਾਂ ਦਾ ਖ਼ਤਰਾ ਘਟਾਉਣ ਲਈ ਭਾਈਚਾਰਿਆਂ ਦੀ ਸਹਾਇਤਾ
ਅਸੀਂ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਨੂੰ ਆਫ਼ਤਾਂ ਲਈ ਯੋਜਨਾ ਬਣਾਉਣ ਅਤੇ ਉਨ੍ਹਾਂ ਦਾ ਖ਼ਤਰਾ ਘਟਾਉਣ ਲਈ ਮਦਦ ਦੇਣ ਵਾਸਤੇ ਮਾਲੀ ਮਦਦ ਮੁਹੱਈਆ ਕਰਵਾ ਰਹੇ ਹਾਂ ਜਿਸ ਵਿੱਚ ਫ਼ਾਇਰਸਮਾਰਟ ਪ੍ਰੋਗਰਾਮ, ਕਮਿਉਨਿਟੀ ਐਮਰਜੈਂਸੀ ਪ੍ਰੀਪੇਅਰਡਨੈੱਸ ਫੰਡ ਰਾਹੀਂ ਨਿਵੇਸ਼ ਕਰਨਾ ਅਤੇ ਮੂਲਵਾਸੀ ਅਗਵਾਈ ਅਧੀਨ ਐਮਰਜੈਂਸੀ ਪ੍ਰਬੰਧਨ ਦੀਆਂ ਤਰਜੀਹਾਂ ਲਈ ਮਦਦ ਦੇਣਾ ਸ਼ਾਮਲ ਹੈ।

ਘੱਟ-ਕਾਰਬਨ ਸਮੱਗਰੀ ਨਾਲ ਵਧੇਰੇ ਨਿਰਮਾਣ
ਅਸੀਂ ਆਪਣੇ ਜਲਵਾਯੂ-ਸਬੰਧਤ ਟੀਚਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਮਾਸ ਟਿੰਬਰ ਦੀ ਵਰਤੋਂ ਵਿੱਚ ਵਾਧਾ ਕਰ ਰਹੇ ਹਾਂ ਤਾਂ ਕਿ ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਵੈਲਿਊ-ਐਡਿਡ ਉਤਪਾਦਨ, ਵਾਤਾਵਰਨ ਲਈ ਸਾਫ਼ ਨਿਰਮਾਣ ਅਤੇ ਜੰਗਲਾਤ ਖੇਤਰ ਵਿੱਚ ਵਿਵਿਧਤਾ ਲਿਆਉਣ ਲਈ ਲੰਬੇ ਸਮੇਂ ਦਾ ਨਿਵੇਸ਼ ਕਰਨ ਵਿੱਚ ਮਦਦ ਮਿਲ ਸਕੇ।