
ਹੈਲਥ ਕੇਅਰ ਨੂੰ ਮਜ਼ਬੂਤ ਕਰਨਾ
ਅਸੀਂ ਜਨਤਕ ਸਿਹਤ-ਸੰਭਾਲ (ਪਬਲਿਕ ਹੈਲਥ ਕੇਅਰ) ਨੂੰ ਮਜ਼ਬੂਤ ਕਰਨ ਲਈ ਕਾਰਵਾਈ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋੜੀਂਦੀ ਸੰਭਾਲ ਮਿਲਦੀ ਰਹੇ, ਜਦੋਂ ਅਤੇ ਜਿੱਥੇ ਤੁਹਾਨੂੰ ਇਸਦੀ ਲੋੜ ਹੈ।
ਅਸੀਂ ਬਿਹਤਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਵੱਡੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ। ਇਸਦਾ ਮਤਲਬ ਹੈ ਵਧੇਰੇ ਡਾਕਟਰਾਂ ਨਾਲ ਵਧੇਰੇ ਪਰਿਵਾਰਾਂ ਨੂੰ ਮੈਚ ਕਰਨਾ, ਮਰੀਜ਼ਾਂ ਨੂੰ ਸਰਜਰੀ ਅਤੇ ਕੈਂਸਰ ਦੇ ਇਲਾਜ ਲਈ ਤੇਜ਼ੀ ਨਾਲ ਭਰਤੀ ਕਰਵਾਉਣਾ, ਅਤੇ ਵਧੇਰੇ ਸਮੇਂ ਲਈ ਸਿਹਤਮੰਦ ਰਹਿਣ ਲਈ ਤੁਹਾਨੂੰ ਲੋੜੀਂਦੇ ਸਾਧਨ ਪ੍ਰਦਾਨ ਕਰਨਾ। ਅਸੀਂ ਤੁਹਾਡੇ ਲਈ ਕਿਵੇਂ ਕਾਰਵਾਈ ਕਰ ਰਹੇ ਹਾਂ, ਇਸ ਬਾਰੇ ਪਤਾ ਕਰੋ।
ਸੰਭਾਲ ਨਾਲ ਹੁਣੇ ਹੀ ਜੁੜੋ

ਇਲਾਜ ਲਈ ਹੁਣੇ ਹੀ ਫਾਰਮੇਸਿਸਟ ਨੂੰ ਮਿਲੋ
ਆਪਣੀਆਂ ਮਾਮੂਲੀ ਬਿਮਾਰੀਆਂ – ਜਿਵੇਂ ਕਿ ਪਿੰਕ ਆਈ (ਅੱਖ ਦੀ ਇਨਫੈਕਸ਼ਨ), ਰੈਸ਼, ਮੋਚ ਆਉਣਾ ਅਤੇ ਯੂ.ਟੀ.ਆਈ. – ਦੀ ਜਾਂਚ ਅਤੇ ਇਲਾਜ ਕਰਵਾਓ, ਆਪਣੀ ਪ੍ਰਿਸਕ੍ਰਿਪਸ਼ਨ ‘ਤੇ ਦੁਬਾਰਾ ਦਵਾਈਆਂ ਭਰਵਾਓ, ਅਤੇ ਫਾਰਮੇਸੀ ਤੋਂ ਮੁਫ਼ਤ ਗਰਭ ਨਿਰੋਧ ਲਵੋ।

ਸਿਹਤ ਬਾਰੇ 24/7 ਸਲਾਹ ਲਵੋ
ਹੈਲਥਲਿੰਕ ਬੀ ਸੀ ਨੂੰ 811 ‘ਤੇ ਕਾੱਲ ਕਰੋ ਜਾਂ ਡਾਕਟਰੀ ਸਲਾਹ ਲੈਣ ਜਾਂ ਸਿਹਤ ਜਾਣਕਾਰੀ ਅਤੇ ਸੇਵਾਵਾਂ ਲੱਭਣ ਵਿੱਚ ਮਦਦ ਲਈ ਲੱਛਣਾਂ ਦੀ ਪਛਾਣ ਲਈ ਔਨਲਾਈਨ ਸਾਧਨ (symptom checker) ਦੀ ਵਰਤੋਂ ਕਰੋ।

ਡਾਕਟਰ ਜਾਂ ਨਰਸ ਲੱਭੋ
ਆਪਣੇ ਨੇੜੇ ਕਿਸੀ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਨਾਲ ਮੈਚ ਹੋਣ ਲਈ ਸਾਈਨ ਅੱਪ ਕਰੋ।
ਸਿਹਤ ਸੰਭਾਲ ਤੱਕ ਪਹੁੰਚ ਵਿੱਚ ਸੁਧਾਰ ਕਰਨਾ
ਅਸੀਂ ਇਲਾਜ ਦੇ ਹੋਰ ਵਿਕਲਪ ਪ੍ਰਦਾਨ ਕਰਕੇ, ਪਰਿਵਾਰਾਂ ਨੂੰ ਡਾਕਟਰਾਂ ਨਾਲ ਜੋੜ ਕੇ, ਅਤੇ ਉਡੀਕ ਦੇ ਸਮੇਂ ਨੂੰ ਘਟਾ ਕੇ ਤੁਹਾਡੇ ਲਈ ਲੋੜੀਂਦੀ ਸੰਭਾਲ ਪ੍ਰਾਪਤ ਕਰਨਾ ਤੇਜ਼ ਅਤੇ ਅਸਾਨ ਬਣਾ ਰਹੇ ਹਾਂ।

ਮਾਮੂਲੀ ਬਿਮਾਰੀਆਂ ਦੇ ਇਲਾਜ ਅਤੇ ਗਰਭ ਨਿਰੋਧ ਦੀ ਤਜਵੀਜ਼ ਲਈ ਫਾਰਮੇਸਿਸਟ ਸੰਭਾਲ ਦਾ ਵਿਸਤਾਰ ਕਰਨਾ
ਬੀ.ਸੀ ਵਿੱਚ ਲੋਕ ਹੁਣ 21 ਮਾਮੂਲੀ ਬਿਮਾਰੀਆਂ ਅਤੇ ਗਰਭ ਨਿਰੋਧਕਾਂ ਲਈ ਜ਼ਿਆਦਾਤਰ ਫਾਰਮੇਸੀਆਂ ‘ਤੇ ਮੁਲਾਂਕਣ ਅਤੇ ਇਲਾਜ ਕਰਵਾ ਸਕਦੇ ਹਨ। ਤੁਸੀਂ ਫਾਰਮੇਸਿਸਟ ਨੂੰ ਔਨਲਾਈਨ ਮਿਲਣ ਲਈ ਅਪੌਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਤੁਹਾਡੀ ਵਿਜ਼ਿਟ ਦੌਰਾਨ ਪ੍ਰਿਸਕ੍ਰਿਪਸ਼ਨ, ਸਵੈ-ਸੰਭਾਲ ਵਾਸਤੇ ਸਲਾਹ ਜਾਂ ਵਧੇਰੇ ਸਲਾਹ ਲਈ ਕਿਸੇ ਹੋਰ ਸਿਹਤ ਸੰਭਾਲ ਪ੍ਰਦਾਨਕ ਨੂੰ ਮਿਲਣ ਦੀ ਸਿਫਾਰਸ਼ ਸ਼ਾਮਲ ਹੋ ਸਕਦੀ ਹੈ।

ਮਰੀਜ਼ਾਂ ਨੂੰ ਡਾਕਟਰਾਂ ਅਤੇ ਨਰਸ ਪ੍ਰੈਕਟਿਸ਼ਨਰਾਂ ਨਾਲ ਜੋੜਨਾ
ਬੀ.ਸੀ. ਵਿੱਚ ਪਰਸਨਲ ਹੈਲਥ ਨੰਬਰ ਵਾਲੇ ਲੋਕ ਹੁਣ ਹੈਲਥ ਕੰਨੈਕਟ ਰਜਿਸਟਰੀ (Health Connect Registry) ਵਿੱਚ ਸ਼ਾਮਲ ਹੋ ਸਕਦੇ ਹਨ ਤਾਂ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਤੁਹਾਡੀ ਕਮਿਊਨਿਟੀ ਵਿੱਚ ਇੱਕ ਪ੍ਰਾਈਮਰੀ ਕੇਅਰ ਪ੍ਰੋਵਾਈਡਰ ਲੱਭਣ ਵਿੱਚ ਮਦਦ ਕੀਤੀ ਜਾ ਸਕੇ। ਇੱਕ ਵਾਰ ਜਦੋਂ ਤੁਸੀਂ ਸਾਈਨ ਅੱਪ ਕਰ ਲੈਂਦੇ ਹੋ ਤਾਂ, ਪ੍ਰੋਵਾਈਡਰ ਉਪਲਬਧ ਹੁੰਦਿਆਂ ਹੀ ਰਜਿਸਟਰੀ ਤੁਹਾਨੂੰ ਤੁਹਾਡੇ ਨੇੜੇ ਦੇ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਨਾਲ ਮੈਚ ਕਰਨ ਵਿੱਚ ਮਦਦ ਕਰ ਸਕਦੀ ਹੈ।

ਵਧੇਰੇ ਨੌਜਵਾਨਾਂ ਨੂੰ ਪੀਅਰ ਸੁਪੋਰਟ ਤੱਕ ਪਹੁੰਚ ਕਰਨ ਵਿੱਚ ਮਦਦ ਕਰਨਾ
ਫਾਊਂਡਰੀ ਬੀ ਸੀ ਦੀ ਪੀਅਰ ਸੁਪੋਰਟ (ਉਹ ਪ੍ਰਕਿਰਿਆ ਜਿਸ ਰਾਹੀਂ ਲੋਕ ਇਕੋ ਜਿਹੇ ਤਜਰਬੇ ਸਾਂਝੇ ਕਰਦੇ ਹਨ ਅਤੇ ਉਹਨਾਂ ਦੇ ਅਧਾਰ ‘ਤੇ ਮਦਦ ਪ੍ਰਾਪਤ ਕਰਦੇ ਹਨ) 12 ਤੋਂ 24 ਸਾਲਾਂ ਦੀ ਉਮਰ ਦੇ ਨੌਜਵਾਨਾਂ ਨੂੰ ਔਨਲਾਈਨ ਜਾਂ ਕਿਸੇ ਹੋਰ ਅਜੇਹੇ ਨੌਜਵਾਨ ਨਾਲ ਵਿਅਕਤੀਗਤ ਸੰਪਰਕ ਕਰਨ ਦਾ ਮੌਕਾ ਦਿੰਦੀ ਹੈ, ਜੋ ਉਹਨਾਂ ਦੀ ਗੱਲ ਸੁਣਨ ਲਈ ਮੌਜੂਦ ਹੈ।

ਸਰਜਰੀਆਂ ਲਈ ਉਡੀਕ ਸਮਿਆਂ ਨੂੰ ਘੱਟ ਕਰਨਾ
ਸਰਜਰੀਆਂ ਲਈ ਉਡੀਕ ਸਮਿਆਂ ਨੂੰ ਘੱਟ ਕਰਨਾ, MRI ਅਤੇ ਕੈਂਸਰ ਦੀ ਜਾਂਚ ਕਰਨ ਵਾਲੀਆਂ ਸੇਵਾਵਾਂ ਦੀ ਉਪਲਬਧਤਾ ਵਿੱਚ ਵਾਧਾ ਕਰਨਾ, ਅਤੇ ਹੋਰ ਤੇਜ਼ ਨਤੀਜੇ ਪ੍ਰਦਾਨ ਕਰਾਉਣਾ। ਇਸਦਾ ਮਤਲਬ ਹੈ ਕਿ ਲੋਕਾਂ ਨੂੰ ਉਹ ਸੰਭਾਲ ਅਤੇ ਇਲਾਜ ਜਲਦੀ ਮਿਲ ਜਾਵੇਗਾ ਜਿਸਦੀ ਉਹਨਾਂ ਨੂੰ ਲੋੜ ਹੈ।
ਤੁਹਾਡੇ ਲਈ ਪੈਸਿਆਂ ਦੀ ਬੱਚਤ
ਸਿਹਤ ਸੰਭਾਲ ਪ੍ਰਾਪਤ ਕਰਨ ਵਿੱਚ ਪੈਸਾ ਰੁਕਾਵਟ ਨਹੀਂ ਹੋਣਾ ਚਾਹੀਦਾ। ਇਸ ਲਈ ਅਸੀਂ ਤੁਹਾਡੇ ਪੈਸੇ ਦੀ ਬੱਚਤ ਕਰਨ ਲਈ ਲਾਗਤਾਂ ਨੂੰ ਖਤਮ ਕਰ ਰਹੇ ਹਾਂ ਜਾਂ ਹਟਾ ਰਹੇ ਹਾਂ।

ਫਾਰਮੇਸੀਆਂ ‘ਤੇ ਮੁਫ਼ਤ ਗਰਭ ਨਿਰੋਧ ਉਪਲਬਧ ਕਰਵਾਉਣਾ
ਬੀ.ਸੀ. ਦੇ ਵਸਨੀਕਾਂ ਲਈ ਗਰਭ ਨਿਰੋਧਕ ਗੋਲੀਆਂ, ਇੰਮਪਲਾਂਟਸ, ਟੀਕੇ ਅਤੇ ਐਮਰਜੈਂਸੀ ਗਰਭ ਨਿਰੋਧ ਹੁਣ ਮੁਫ਼ਤ ਹਨ। ਤੁਹਾਨੂੰ ਕਿਸੇ ਡਾਕਟਰ ਤੋਂ ਪ੍ਰਿਸਕ੍ਰਿਪਸ਼ਨ ਦੀ ਲੋੜ ਨਹੀਂ। ਆਪਣੇ ਫਾਰਮੇਸਿਸਟ ਨਾਲ ਗੱਲ ਕਰੋ।

ਕੈਂਸਰ ਸੰਭਾਲ ਲਈ ਸਫ਼ਰ ਦੇ ਖਰਚਿਆਂ ਨੂੰ ਘਟਾਉਣਾ
ਕੈਂਸਰ ਦੇ ਇਲਾਜ ਲਈ ਸਫ਼ਰ ਕਰਨ ਦੀ ਲੋੜ ਵਾਲੇ ਮਰੀਜ਼ਾਂ ਲਈ ਸਫ਼ਰ ਅਤੇ ਹੋਟਲ ਦੇ ਖਰਚਿਆਂ ਵਿੱਚ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਨੂੰ ਇਸਦੀ ਸਭ ਤੋਂ ਵਧ ਲੋੜ ਹੈ।

ਮੈਡਿਕਲ ਸਰਵਿਸ ਪਲਾਨ ਪ੍ਰੀਮਿਅਮਸ ਨੂੰ ਖਤਮ ਕਰਨਾ
ਬੀ.ਸੀ. ਨਿਵਾਸੀ ਹੁਣ ਬੁਨਿਆਦੀ ਹੈਲਥ ਕੇਅਰ ਬੈਨਿਫ਼ਿਟਸ ਲਈ ਸਲਾਨਾ MRP ਪ੍ਰੀਮਿਅਮ ਦਾ ਭੁਗਤਾਨ ਨਹੀਂ ਕਰਦੇ ਹਨ। ਇਕੱਲੇ ਵਿਅਕਤੀ $900 ਅਤੇ ਪਰਿਵਾਰ $1,800 ਪ੍ਰਤੀ ਸਾਲ ਬਚਾਉਂਦੇ ਹਨ।
ਮਾਨਸਿਕ ਸਿਹਤ ਸਹਾਇਤਾਵਾਂ ਦਾ ਵਿਸਤਾਰ ਕਰਨਾ
ਲੋਕ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਨਾਲ ਨਜਿੱਠ ਰਹੇ ਹਨ। ਲੋਕਾਂ ਨੂੰ ਲੋੜੀਂਦੀ ਮਦਦ ਅਤੇ ਸੰਭਾਲ ਦੇਣਾ ਯਕੀਨੀ ਬਣਾਉਣ ਲਈ ਅਸੀਂ ਨਵੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ।

ਜਲਦੀ ਦਖਲਅੰਦਾਜ਼ੀ ਕਰਨਾ
ਸਕੂਲਾਂ ਵਿੱਚ ਸਹਾਇਤਾ ਵਧਾ ਕੇ, ਯੁਵਾ ਫਾਊਂਡਰੀ ਸੈਂਟਰਾਂ ਦਾ ਵਿਸਤਾਰ ਕਰਕੇ, ਮੁਫ਼ਤ ਜਾਂ ਘੱਟ ਲਾਗਤ ਵਾਲੀ ਕਮਿਊਨਿਟੀ ਕਾਉਂਸਲਿੰਗ ਪ੍ਰਦਾਨ ਕਰਕੇ, ਅਤੇ ਮਾਪਿਆਂ ਅਤੇ ਕੇਅਰਗਿਵਰਜ਼ (ਦੇਖਭਾਲ ਕਰਨ ਵਾਲੇ) ਨੂੰ ਸਹਿਯੋਗ ਦੇ ਕੇ ਲੋਕਾਂ ਦੀ ਜਲਦੀ ਸੰਭਾਲ ਤੱਕ ਪਹੁੰਚ ਵਿੱਚ ਮਦਦ ਕਰਨਾ।

ਗੈਰ-ਕੰਨੂਨੀ ਜ਼ਹਿਰੀਲੇ ਨਸ਼ਿਆਂ ਦੇ ਜੋਖਮ ਨੂੰ ਘਟਾਉਣਾ
ਰੋਕਥਾਮ, ਨੁਕਸਾਨ ਘਟਾਉਣਾ, ਇਲਾਜ ਅਤੇ ਰਿਕਵਰੀ ਸਮੇਤ ਲੋਕਾਂ ਨੂੰ ਲੋੜੀਂਦੀ ਸੰਭਾਲ ਨਾਲ ਜੋੜ ਕੇ ਜਾਨਾਂ ਬਚਾਉਣੀਆਂ।

ਲੋਕਾਂ ਨੂੰ ਸੰਭਾਲ ਨਾਲ ਜੋੜਨਾ
ਇਲਾਜ ਦੇ ਵਿਕਲਪਾਂ ਦਾ ਵਿਸਤਾਰ ਕਰਨਾ ਅਤੇ ਪੂਰੇ ਸੂਬੇ ਵਿੱਚ ਹੋਰ ਇਲਾਜ ਅਤੇ ਰਿਕਵਰੀ ਬੈਡ ਉਪਲਬਧ ਕਰਵਾਉਣਾ ਤਾਂ ਜੋ ਲੋਕ ਘਰ ਦੇ ਨੇੜੇ ਲੋੜੀਂਦੀ ਸੰਭਾਲ ਪ੍ਰਾਪਤ ਕਰ ਸਕਣ।

ਚੱਲ ਰਹੀ ਤੰਦਰੁਸਤੀ ਅਤੇ ਰਿਕਵਰੀ ਦਾ ਸਮਰਥਨ ਕਰਨਾ
ਰਿਕਵਰੀ ਲਈ ਰਸਤੇ ਬਣਾਉਣਾ ਤਾਂ ਜੋ ਲੋਕ ਕਮਿਊਨਿਟੀ ਵਿੱਚ ਜਾਣ-ਪਛਾਣ, ਔਖੇ ਸਮਿਆਂ ਤੋਂ ਉੱਭਰਨ ਦੀ ਸ਼ਕਤੀ, ਤੰਦਰੁਸਤੀ, ਲਾਈਫ਼-ਸਕਿਲਜ਼ ਪ੍ਰੋਗ੍ਰਾਮਿੰਗ ਅਤੇ ਰਿਲੈਪਸ ਲਈ ਰੋਕਥਾਮ ਬਣਾ ਸਕਣ।
ਸਾਡੇ ਸਿਹਤ ਸੰਭਾਲ ਕਾਰਜਬਲ ਨੂੰ ਵਧਾਉਣਾ
ਅਸੀਂ ਸੂਬੇ ਭਰ ਵਿੱਚ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਦੀ ਭਰਤੀ, ਸਿਖਲਾਈ ਅਤੇ ਉਹਨਾਂ ਨੂੰ ਕੰਮ ਤੇ ਬਰਕਰਾਰ ਰੱਖਣ ਲਈ ਕਾਰਵਾਈ ਕਰ ਰਹੇ ਹਾਂ ਤਾਂ ਜੋ ਤੁਸੀਂ ਬਿਹਤਰ ਸੰਭਾਲ ਪ੍ਰਾਪਤ ਕਰ ਸਕੋ ਅਤੇ ਕਰਮਚਾਰੀਆਂ ਨੂੰ ਬਿਹਤਰ ਸਹਾਇਤਾ ਦਿੱਤੀ ਜਾ ਸਕੇ।

ਲੋਕਾਂ ਨੂੰ ਐਮਰਜੈਂਸੀ ਸੰਭਾਲ ਹੋਰ ਤੇਜ਼ੀ ਨਾਲ ਪ੍ਰਾਪਤ ਕਰਨ ਵਿੱਚ ਮਦਦ ਕਰਨਾ
ਜਦੋਂ ਲੋਕ ਐਮਰਜੈਂਸੀ ਵਿਭਾਗ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਸੰਭਾਲ ਦੀ ਲੋੜ ਹੁੰਦੀ ਹੈ। ਅਸੀਂ ਲੋਕਾਂ ਨੂੰ ਐਮਰਜੈਂਸੀ ਸੰਭਾਲ ਹੋਰ ਤੇਜ਼ੀ ਨਾਲ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਬੀ.ਸੀ. ਵਿੱਚ ਹੈਲਥ ਕੇਅਰ ਟੀਮ ਵਿੱਚ ‘ਫਿਜ਼ਿਸ਼ੀਅਨ ਅਸਿਸਟੈਂਟ’ ਦੇ ਅਹੁਦੇ ਨੂੰ ਸ਼ਾਮਲ ਕਰਨ ਲਈ ਕਦਮ ਚੁੱਕ ਰਹੇ ਹਾਂ। ਇਹ ਉਹਨਾਂ ਕਾਰਵਾਈਆਂ ਵਿੱਚੋਂ ਇੱਕ ਮਹੱਤਵਪੂਰਨ ਅਗਲਾ ਕਦਮ ਹੈ ਜੋ ਅਸੀਂ ਹੈਲਥ ਕੇਅਰ ਵਰਕਰਾਂ ਨੂੰ ਬਰਕਰਾਰ ਰੱਖਣ, ਭਰਤੀ ਕਰਨ ਅਤੇ ਸਿਖਲਾਈ ਦੇਣ ਲਈ ਚੁੱਕ ਰਹੇ ਹਾਂ ਤਾਂ ਜੋ ਬੀ.ਸੀ. ਵਿੱਚ ਲੋਕਾਂ ਨੂੰ ਲੋੜੀਂਦੀ ਸਿਹਤ ਸੰਭਾਲ ਮਿਲ ਸਕੇ।

ਵਧੇਰੇ ਸਿਹਤ-ਸੰਭਾਲ ਕਰਮਚਾਰੀਆਂ ਨੂੰ ਭਰਤੀ ਕਰਨਾ, ਸਿਖਲਾਈ ਦੇਣਾ ਅਤੇ ਬਰਕਰਾਰ ਰੱਖਣਾ
ਸਟਾਫ ਨੂੰ ਭਰਤੀ ਕਰਨ ਅਤੇ ਬਰਕਰਾਰ ਰੱਖਣ ਲਈ, ਕੰਮ ਦੀਆਂ ਜ਼ੁੰਮੇਵਾਰੀਆਂ ਨੂੰ ਮੁੜ ਡਿਜ਼ਾਈਨ ਅਤੇ ਮੁੜ ਸੰਤੁਲਿਤ ਕਰਨ ਲਈ, ਸਿਹਤ-ਸੰਭਾਲ ਦੀਆਂ ਥਾਵਾਂ ਨੂੰ ਸੱਭਿਆਚਾਰਕ ਤੌਰ ‘ਤੇ ਵਧੇਰੇ ਸੁਰੱਖਿਅਤ ਬਣਾਉਣ ਲਈ, ਅਤੇ ਹਰ ਤਰ੍ਹਾਂ ਦੇ ਸਿਹਤ-ਸੰਭਾਲ ਪੇਸ਼ੇਵਰਾਂ ਦੀ ਸਿਖਲਾਈ ਅਤੇ ਸਿੱਖਿਆ ਦੀਆਂ ਸੀਟਾਂ ਦਾ ਵਿਸਤਾਰ ਕਰਨ ਲਈ ਫੰਡਿੰਗ।

ਹੋਰ ਮਿੱਡਵਾਈਵਜ਼ ਨੂੰ ਸਿਖਲਾਈ ਦੇਣਾ
ਬੀ.ਸੀ. ਵਿੱਚ ਮਿੱਡਵਾਈਵਜ਼ (ਦਾਈਆਂ) ਦੀ ਮੰਗ ਤੇਜ਼ੀ ਨਾਲ ਵਧੀ ਹੈ। ਯੂ.ਬੀ.ਸੀ. ਵਿਖੇ ਮਿੱਡਵਾਈਫ ਦੀਆਂ ਸੀਟਾਂ ਦੀ ਸੰਖਿਆ ਵਿੱਚ ਵਾਧਾ ਕਰਨ ਦਾ ਮਤਲਬ ਹੈ ਗਰਭਅਵਸਥਾ ਸੰਭਾਲ ਤੱਕ ਵਧੇਰੇ ਪਹੁੰਚ, ਖਾਸ ਕਰਕੇ ਪੇਂਡੂ, ਦੂਰ-ਦੁਰਾਡੇ ਅਤੇ ਫਰਸਟ ਨੇਸ਼ਨਜ਼ ਕਮਿਊਨਿਟੀਆਂ ਵਿੱਚ।

ਨਵੇਂ ਫਿਜ਼ੀਸ਼ੀਅਨ ਭੁਗਤਾਨ ਮਾਡਲ ਦੀ ਸਥਾਪਨਾ ਨਾਲ ਮਰੀਜ਼ਾਂ ਦੀ ਸੰਭਾਲ ਵਿੱਚ ਸੁਧਾਰ ਹੁੰਦਾ ਹੈ
ਨਵਾਂ ਭੁਗਤਾਨ ਮਾਡਲ ਵਧੇਰੇ ਡਾਕਟਰਾਂ ਨੂੰ ਫੈਮਿਲੀ ਪ੍ਰੈਕਟਿਸ ਵਿੱਚ ਲਿਆਵੇਗਾ ਅਤੇ ਉਹਨਾਂ ਨੂੰ ਮਰੀਜ਼ਾਂ ਨੂੰ ਦੇਖਣ ਅਤੇ ਉਨ੍ਹਾਂ ਨਾਲ ਵਧੇਰੇ ਸਮਾਂ ਬਿਤਾਉਣ ਦੇ ਸਮਰੱਥ ਬਣਾਵੇਗਾ।

ਹੋਰ ਤੇਜ਼ੀ ਨਾਲ ਵਧੇਰੇ ਨਰਸਾਂ ਨੂੰ ਬੀ.ਸੀ. ਵਿੱਚ ਪ੍ਰੈਕਟਿਸ ਕਰਨ ਵਿੱਚ ਮਦਦ ਕਰਨਾ
ਬਹੁਤ ਸਾਰੀਆਂ ਰੁਕਾਵਟਾਂ ਕਾਰਨ ਕਾਫੀ ਨਰਸਾਂ ਨੂੰ ਹੈਲਥ ਕੇਅਰ ਸਿਸਟਮ ਵਿੱਚ ਕੰਮ ਕਰਨ ਜਾਂ ਕੰਮ ‘ਤੇ ਵਾਪਸ ਆਉਣ ਵਿੱਚ ਮੁਸ਼ਕਲਾਂ ਆਈਆਂ ਹਨ। ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਦਾ ਮਤਲਬ ਹੈ ਕਿ ਵਧੇਰੇ ਨਰਸ ਆਪਣੇ ਪਸੰਦੀਦਾ ਖੇਤਰ ਵਿੱਚ ਕੰਮ ਕਰ ਸਕਣਗੇ, ਅਤੇ ਬੀ.ਸੀ. ਦੇ ਲੋਕ ਸਿਹਤ ਸੰਭਾਲ ਤੱਕ ਬਿਹਤਰ ਪਹੁੰਚ ਕਰ ਸਕਣਗੇ, ਜਿਸ ਦੇ ਉਹ ਹੱਕਦਾਰ ਹਨ।

ਬੀ.ਸੀ. ਵਿੱਚ ਇੱਕ ਨਵਾਂ ਮੈਡੀਕਲ ਸਕੂਲ ਖੋਲ੍ਹਣਾ
SFU ਵਿਖੇ ਇੱਕ ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ਕਰਨ ਨਾਲ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਵਿੱਚ ਕੰਮ ਕਰਨ ਲਈ ਭਵਿੱਖ ਦੇ ਡਾਕਟਰਾਂ ਨੂੰ ਆਕਰਸ਼ਿਤ ਕਰਨ ਅਤੇ ਸਿਖਲਾਈ ਦੇਣ ਵਿੱਚ ਵਾਧਾ ਹੋਵੇਗਾ।

ਵਧੇਰੇ ਡਾਕਟਰਾਂ ਨੂੰ ਸਿਖਲਾਈ ਦੇਣਾ
UBC ਫੈਕਲਟੀ ਔਫ ਮੈਡੀਸਨ ਵਿਖੇ ਭਵਿੱਖ ਦੇ ਡਾਕਟਰਾਂ ਲਈ ਥਾਂਵਾਂ ਵਿੱਚ ਵਾਧਾ ਕਰਕੇ ਇਹ ਯਕੀਨੀ ਬਣਾਉਣਾ ਕਿ ਬੀ.ਸੀ. ਕੋਲ ਲੰਬੀ-ਮਿਆਦ ਵਿੱਚ ਵਧੇਰੇ ਫੈਮਿਲੀ ਡਾਕਟਰ ਅਤੇ ਮਾਹਰ ਹੋਣ।

ਵਧੇਰੇ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਫੈਮਿਲੀ ਡਾਕਟਰ ਤੋਂ ਹੋਰ ਜਲਦੀ ਕੰਮ ਕਰਵਾਉਣਾ
ਬੀ.ਸੀ. ਦੇ ਹੈਲਥ ਕੇਅਰ ਸਿਸਟਮ ਵਿੱਚ ਤੇਜ਼ੀ ਨਾਲ ਕੰਮ ਕਰਨ ਲਈ ਕੈਨੇਡਾ ਤੋਂ ਬਾਹਰ ਸਿਖਲਾਈ ਪ੍ਰਾਪਤ ਤਿੰਨ ਗੁਣਾ ਜ਼ਿਆਦਾ ਫੈਮਿਲੀ ਡਾਕਟਰਾਂ ਦੀ ਮਦਦ ਕਰਨਾ, ਅਤੇ ਲੋਕਾਂ ਨੂੰ ਸਿਹਤ-ਸੰਭਾਲ ਸੇਵਾਵਾਂ ਤੱਕ ਪਹੁੰਚ ਕਰਨ ਦੇ ਹੱਲ ਤੁਰੰਤ ਪ੍ਰਦਾਨ ਕਰਨ ਲਈ ਐਸੋਸੀਏਟ ਡਾਕਟਰ ਦੀ ਇੱਕ ਨਵੀਂ ਸ਼੍ਰੇਣੀ ਦੀ ਸ਼ੁਰੂਆਤ ਕਰਨਾ।

ਹੋਰ ਹੈਲਥ ਕੇਅਰ ਵਰਕਰਾਂ ਨੂੰ ਨੌਕਰੀਆਂ ‘ਤੇ ਸਿਖਲਾਈ ਦੇਣਾ
ਇੱਕੋ ਸਮੇਂ ‘ਤੇ ਸਿੱਖਣ ਅਤੇ ਕਮਾਉਣ ਲਈ ਹੈਲਥ ਕੇਅਰ ਵਰਕਰਾਂ ਦੀ ਅਗਲੀ ਪੀੜ੍ਹੀ ਨੂੰ ਸਹਿਯੋਗ ਪ੍ਰਦਾਨ ਕਰਨਾ। ਇਸਦਾ ਮਤਲਬ ਹੈ ਕਿ ਹੋਰ ਲੋਕਾਂ ਦੀ ਸਿਹਤ ਸੰਭਾਲ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ, ਜਦਕਿ ਕਾਮੇ ਆਪਣੇ ਪੇਸ਼ੇ ਵਿੱਚ ਤਰੱਕੀ ਕਰਦੇ ਹਨ।

ਹੈਲਥ ਕੇਅਰ ਅਸਿਸਟੈਂਟ ਬਣਨ ਲਈ ਮੁਫ਼ਤ ਸਿੱਖਿਆ
ਉੱਚ-ਤਰਜੀਹੀ ਹੈਲਥ ਕੇਅਰ ਖੇਤਰਾਂ ਵਿੱਚ ਵਿਦਿਆਰਥੀਆਂ ਲਈ ਟਿਊਸ਼ਨ ਸਹਾਇਤਾ ਭਵਿੱਖ ਦੇ ਕਾਰਜ-ਬਲਾਂ ਦਾ ਨਿਰਮਾਣ ਕਰਨ ਵਿੱਚ ਮਦਦ ਕਰਦੀ ਹੈ, ਅਤੇ ਹੋਰ ਵਿਦਿਆਰਥੀਆਂ ਨੂੰ ਘੱਟ ਕਰਜ਼ੇ ਨਾਲ ਆਪਣੇ ਪੇਸ਼ਿਆਂ ਦੀ ਸ਼ੁਰੂਆਤ ਕਰਨ ਦੇ ਯੋਗ ਬਣਾਉਂਦੀ ਹੈ।

ਸਫ਼ਰ ਲਈ ਤਿਆਰ ਨਰਸਾਂ ਦਾ ਇੱਕ ਸਮੂਹ ਤਿਆਰ ਕਰਨਾ
ਨਰਸਾਂ ਦੀ ਇੱਕ ਟੀਮ ਤਿਆਰ ਕਰਨੀ ਜੋ ਪੇਂਡੂ/ਦੂਰ-ਦੁਰਾਡੇ ਦੇ ਭਾਈਚਾਰਿਆਂ ਵਿੱਚ ਸਫ਼ਰ ਕਰ ਸਕਦੀ ਹੈ, ਇਸ ਦਾ ਮਤਲਬ ਹੈ ਕਿ ਲੋਕ ਲੰਬਾ ਸਫ਼ਰ ਕੀਤੇ ਬਗੈਰ ਸਿਹਤ ਸੰਭਾਲ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।
ਬਿਹਤਰ ਸਿਹਤ ਸੰਭਾਲ (ਹੈਲਥ ਕੇਅਰ) ਦਾ ਨਿਰਮਾਣ ਕਰਨਾ
ਅਸੀਂ ਇਲਾਜ ਲਈ ਵਧੇਰੇ ਬੈਡੱ ਉਪਲਬਧ ਕਰਾ ਕੇ ਅਤੇ ਹੋਰ ਹਸਪਤਾਲ, ਹੈਲਥ ਕਲੀਨਿਕ ਅਤੇ ਲੌਂਗ-ਟਰਮ ਕੇਅਰ ਸੈਂਟਰਾਂ ਦਾ ਨਿਰਮਾਣ ਕਰਕੇ ਤੁਹਾਨੂੰ ਲੋੜੀਂਦੀ ਸੰਭਾਲ, ਤੁਹਾਡੇ ਘਰ ਦੇ ਨੇੜੇ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਰਹੇ ਹਾਂ।

ਸਰ੍ਹੀ ਵਿੱਚ ਇੱਕ ਨਵਾਂ ਹਸਪਤਾਲ ਅਤੇ ਕੈਂਸਰ ਸੈਂਟਰ ਬਣਾਉਣਾ
ਬੀ.ਸੀ. ਦੇ ਲੋਕਾਂ ਨੂੰ ਹੁਣ ਸਰ੍ਹੀ ਵਿੱਚ ਇੱਕ ਨਵੇਂ, ਡਿਜਿਟਲ ਤੌਰ ‘ਤੇ ਸਮਰੱਥ ਸਮਾਰਟ ਹਸਪਤਾਲ ਅਤੇ ਕੈਂਸਰ ਸੈਂਟਰ ਨਾਲ ਲਾਭ ਹੋਵੇਗਾ। ਇਹ ਨਵਾਂ ਹਸਪਤਾਲ ਕਮਿਊਨਿਟੀ ਨੂੰ ਇੱਕ ਨਵਾਂ ਐਮਰਜੈਂਸੀ ਵਿਭਾਗ ਦੇਵੇਗਾ ਅਤੇ ਇਸ ਵਿੱਚ ਬੀ ਸੀ ਕੈਂਸਰ ਸੈਂਟਰ ਦੀ ਇੱਕ ਨਵੀਂ ਲੋਕੇਸ਼ਨ ਸ਼ਾਮਲ ਹੋਵੇਗੀ। ਨਵਾਂ ਸਰ੍ਹੀ ਹਸਪਤਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਸਿਹਤ-ਸੰਭਾਲ ਸੇਵਾਵਾਂ ਨੂੰ ਵਧਾਏਗਾ ਅਤੇ ਕੈਂਸਰ ਨਾਲ ਨਜਿੱਠ ਰਹੇ ਲੋਕਾਂ ਦੀ ਸੰਭਾਲ ਵਿੱਚ ਸੁਧਾਰ ਕਰੇਗਾ।

ਬੀ.ਸੀ. ਵਿੱਚ ਵਧੇਰੇ ਲੌਂਗ-ਟਰਮ ਕੇਅਰ ਸ਼ਾਮਲ ਕਰਨਾ
ਜਿਵੇਂ-ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਉਨ੍ਹਾਂ ਦੀ ਸਿਹਤ ਦੀਆਂ ਲੋੜਾਂ ਬਦਲਦੀਆਂ ਹਨ। ਬੀ.ਸੀ. ਵਿੱਚ ਹਰ ਕੋਈ ਉਸ ਸੰਭਾਲ ਤੱਕ ਪਹੁੰਚ ਪ੍ਰਾਪਤ ਕਰਨ ਦਾ ਹੱਕਦਾਰ ਹੈ, ਜਦੋਂ ਅਤੇ ਜਿੱਥੇ ਉਹਨਾਂ ਨੂੰ ਇਸ ਦੀ ਲੋੜ ਹੁੰਦੀ ਹੈ। ਅਸੀਂ ਬੀ.ਸੀ. ਭਰ ਵਿੱਚ ਪ੍ਰਾਇਮਰੀ ਕੇਅਰ, ਹੋਮ ਹੈਲਥ, ਲੌਂਗ-ਟਰਮ ਕੇਅਰ ਅਤੇ ਅਸਿਸਟਡ ਲਿਵਿੰਗ ਸਰਵਿਸਿਜ਼ ਵਿੱਚ ਨਿਵੇਸ਼ ਕਰ ਰਹੇ ਹਾਂ।

ਮਾਨਸਿਕ-ਸਿਹਤ ਅਤੇ ਨਸ਼ਾ-ਮੁਕਤ ਇਲਾਜ ਸੇਵਾਵਾਂ ਦਾ ਵਿਸਤਾਰ
ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਕਰਨ ਲਈ, $586 ਮਿਲੀਅਨ ਤੋਂ ਵੱਧ ਨਾਲ ਬੀ.ਸੀ. ਭਰ ਵਿੱਚ ਇਲਾਜ ਅਤੇ ਰਿਕਵਰੀ ਬੈੱਡ ਸ਼ਾਮਲ ਕੀਤੇ ਜਾਣਗੇ, ਲੋਕਾਂ ਦੇ ਰਿਕਵਰੀ ਦੇ ਪੂਰੇ ਸਫ਼ਰ ਦੌਰਾਨ ਉਹਨਾਂ ਦੀ ਮਦਦ ਕਰਨ ਲਈ ਦੇਖਭਾਲ ਦਾ ਇੱਕ ਨਵਾਂ ਮਾਡਲ ਵਿਕਸਤ ਅਤੇ ਸ਼ੁਰੂ ਕੀਤਾ ਜਾਵੇਗਾ, ਉਹਨਾਂ ਲਈ ਰੈਪ-ਅਰਾਉਂਡ ਸੇਵਾਵਾਂ ਉਪਲਬਧ ਹੋਣਗੀਆਂ, ਇੰਡੀਜਨਸ ਟ੍ਰੀਟਮੈਂਟ ਸੈਂਟਰਾਂ ਦਾ ਵਿਸਤਾਰ ਹੋਵੇਗਾ ਅਤੇ ਲੰਬੇ ਸਮੇਂ ਲਈ ਲੋਕਾਂ ਅਤੇ ਉਹਨਾਂ ਦੀ ਰਿਕਵਰੀ ਵਿੱਚ ਮਦਦ ਕਰਨ ਲਈ ਨਵੀਆਂ ਰਿਕਵਰੀ ਕਮਿਊਨਟੀਆਂ ਦਾ ਵਿਕਾਸ ਹੋਵੇਗਾ।

ਹਸਪਤਾਲਾਂ, ਕਲੀਨਿਕਾਂ ਅਤੇ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਨਿਵੇਸ਼ ਕਰਨਾ
ਸਾਰੇ ਸੂਬੇ ਵਿੱਚ ਨਵੇਂ ਕਲੀਨਿਕਾਂ, ਲੌਂਗ-ਟਰਮ ਕੇਅਰ ਬੈਡਜ਼ ਅਤੇ ਹਸਪਤਾਲਾਂ ਵਿੱਚ ਨਿਵੇਸ਼ ਕਰਨਾ। ਇਸ ਦਾ ਮਤਲਬ ਹੈ ਕਿ ਸੂਬੇ ਭਰ ਦੇ ਲੋਕਾਂ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਅਤੇ ਵਾਧਾ।

ਉਹਨਾਂ ਹੈਲਥ ਕੇਅਰ ਪ੍ਰਣਾਲੀਆਂ ਦਾ ਨਿਰਮਾਣ ਕਰਨਾ ਜਿੰਨ੍ਹਾਂ ਦੀ ਲੋਕਾਂ ਨੂੰ ਹੁਣ ਲੋੜ ਹੈ
ਬੀ.ਸੀ. ਭਰ ਵਿੱਚ ਨਵੇਂ ਪ੍ਰਾਈਮਰੀ ਕੇਅਰ ਨੈੱਟਵਰਕ ਅਤੇ ਅਰਜੰਟ ਅਤੇ ਪ੍ਰਾਈਮਰੀ ਕੇਅਰ ਸੈਂਟਰ ਲੋਕਾਂ ਨੂੰ ਉਹਨਾਂ ਦੇ ਭਾਈਚਾਰਿਆਂ ਵਿੱਚ ਲੋੜੀਂਦੀ ਮੁੱਢਲੀ ਸੰਭਾਲ ਨਾਲ ਜੋੜਨ ਵਿੱਚ ਮਦਦ ਕਰ ਰਹੇ ਹਨ, ਅਤੇ ਨਾਲ ਹੀ ਵਾਕ-ਇਨ ਕਲੀਨਿਕਾਂ ਅਤੇ ਐਮਰਜੈਂਸੀ ਰੂਮਾਂ ‘ਤੇ ਦਬਾਅ ਘੱਟ ਕਰ ਰਹੇ ਹਨ।
ਲੋਕਾਂ ਨੂੰ ਸਿਹਤਮੰਦ ਰੱਖਣਾ
ਅਸੀਂ ਤੁਹਾਨੂੰ ਅਜੇਹੇ ਤਰੀਕੇ ਦੱਸ ਰਹੇ ਹਾਂ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਆਪਣੀ ਲੰਬੀ, ਸਿਹਤਮੰਦ ਜ਼ਿੰਦਗੀ ਜੀਉਣ ਲਈ ਸੱਟਾਂ ਅਤੇ ਬਿਮਾਰੀਆਂ ਤੋਂ ਬਚਣ ਲਈ ਕਾਰਵਾਈ ਕਰ ਸਕੋ।

ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਲੋਕਾਂ ਅਤੇ ਭਾਈਚਾਰਿਆਂ ਦੀ ਸੁਰੱਖਿਆ ਕਰਨਾ
ਬੀ.ਸੀ. ਲੋਕਾਂ, ਭਾਈਚਾਰਿਆਂ ਅਤੇ ਹੈਲਥ ਕੇਅਰ ਸਿਸਟਮ ਦੀ ਸੁਰੱਖਿਆ ਕਰਨਾ ਜਾਰੀ ਰੱਖਣ ਲਈ ਕਾਰਵਾਈਆਂ ਕਰ ਰਿਹਾ ਹੈ, ਅਤੇ ਬੀ.ਸੀ. ਵਿੱਚ ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਕੋਵਿਡ-19 ਅਤੇ ਫਲੂ ਦੇ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ।

‘ਐਲਡਰ ਐਬਿਊਜ਼’ ਤੋਂ ਬਜ਼ੁਰਗਾਂ ਦੀ ਰੱਖਿਆ ਕਰਨਾ
ਬਜ਼ੁਰਗਾਂ ਨੂੰ ਅਕਸਰ ਇਕੱਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਹਨਾਂ ਨੂੰ ਐਬਿਊਜ਼ (ਬਦਸਲੂਕੀ) ਦੇ ਵਧੇਰੇ ਜੋਖਮ ਵਿੱਚ ਪਾ ਦਿੰਦਾ ਹੈ। ਇਸ ਲਈ ‘ਐਲਡਰ ਐਬਿਊਜ਼’ (ਬਜ਼ੁਰਗਾਂ ਨਾਲ ਬਦਸਲੂਕੀ) ਦੇ ਲੱਛਣਾਂ ਨੂੰ ਪਛਾਣਨ ਅਤੇ ਸੂਬੇ ਭਰ ਵਿੱਚ ਸਾਡੇ ਬਜ਼ੁਰਗਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਰੋਕਣ ਵਿੱਚ ਲੋਕਾਂ ਦੀ ਮਦਦ ਕਰਨਾ ਸਾਡੇ ਲਈ ਇੱਕ ਅਹਿਮ ਤਰਜੀਹ ਹੈ।

ਵਧੇਰੇ ਸਿਹਤਮੰਦ, ਵਧੇਰੇ ਸਰਗਰਮ ਭਾਈਚਾਰਿਆਂ ਦਾ ਨਿਰਮਾਣ ਕਰਨਾ
PlanH ਪ੍ਰੋਗਰਾਮ ਲੋਕਾਂ, ਸਮਾਜ ਅਤੇ ਵਾਤਾਵਰਣ ‘ਤੇ ਧਿਆਨ ਕੇਂਦਰਿਤ ਕਰਨ ਵਾਲੇ ਸਰੋਤਾਂ, ਅਭਿਆਸਾਂ ਅਤੇ ਸਿੱਖਣ ਦੇ ਮੌਕਿਆਂ ਰਾਹੀਂ ਵਧੇਰੇ ਸਿਹਤਮੰਦ ਭਾਈਚਾਰਿਆਂ ਦਾ ਨਿਰਮਾਣ ਕਰਨ ਲਈ ਸਥਾਨਕ ਅਤੇ ਇੰਡੀਜਨਸ (ਮੂਲਵਾਸੀ) ਲੋਕਾਂ ਦੀਆਂ ਸਰਕਾਰਾਂ ਦੀ ਮਦਦ ਕਰਦਾ ਹੈ।

ਨਵਜਾਤ ਸਕ੍ਰੀਨਿੰਗ ਦਾ ਵਿਸਤਾਰ ਕਰਨਾ; ਜਲਦੀ ਪਤਾ ਲਗਾਉਣ ਨਾਲ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ
ਬੀ.ਸੀ. ਭਰ ਵਿੱਚ ਨਵਜਾਤ ਬੱਚਿਆਂ ਦੀ ਤਿੰਨ ਵਾਧੂ ਮੈਟਾਬੌਲੀਕ ਅਤੇ ਜਿਨੈਟਿਕ ਸਥਿਤੀਆਂ ਲਈ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਉਹ ਸਥਿਤੀਆਂ ਜਲਦੀ ਪਛਾਣ ਵਿੱਚ ਆ ਜਾਂਦੀਆਂ ਹਨ ਅਤੇ ਉਹਨਾਂ ਦਾ ਇਲਾਜ ਹੋ ਜਾਂਦਾ ਹੈ, ਜਿਸ ਨਾਲ ਸਿਹਤ ਦੇ ਬਿਹਤਰ ਨਤੀਜੇ ਸਾਹਮਣੇ ਆਉਂਦੇ ਹਨ।

ਅਤਿਅੰਤ ਗਰਮੀ ਦੀਆਂ ਐਮਰਜੈਂਸੀਆਂ ਦੌਰਾਨ ਲੋਕਾਂ ਦੀ ਸੁਰੱਖਿਆ ਕਰਨਾ
ਬੀ.ਸੀ. ਵਿੱਚ ਬਹੁਤ ਸਾਰੇ ਲੋਕਾਂ ਲਈ ਬਹੁਤ ਜ਼ਿਆਦਾ ਗਰਮੀ ਦੀਆਂ ਐਮਰਜੈਂਸੀਆਂ ਸਿਹਤ ਦੀਆਂ ਵੱਡੀਆਂ ਚੁਣੌਤੀਆਂ ਦਾ ਕਾਰਨ ਬਣ ਸਕਦੀਆਂ ਹਨ। ਸਿਹਤ ਵਜੋਂ ਕਮਜ਼ੋਰ ਵਰਗ ਅਤੇ ਘੱਟ ਆਮਦਨੀ ਵਾਲੇ ਲੋਕਾਂ ਲਈ ਮੁਫ਼ਤ ਏਅਰ ਕੰਡਿਸ਼ਨਿੰਗ ਯੂਨਿਟ ਅਤੇ ਇਸ ਦੇ ਨਾਲ-ਨਾਲ ਬੀ ਸੀ ਹਾਈਡਰੋ ਦੇ ਸਾਰੇ ਰਿਹਾਇਸ਼ੀ ਗਾਹਕਾਂ ਲਈ ਨਵੇਂ ਏਅਰ ਕੰਡਿਸ਼ਨਰ ਰਿਬੇਟ ਦਾ ਮਤਲਬ ਹੈ ਕਿ ਜ਼ਿਆਦਾ ਲੋਕ ਅਤਿਅੰਤ ਗਰਮੀ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਦੌਰਾਨ ਆਪਣੇ ਆਪ ਨੂੰ ਠੰਡਕ ਪਹੁੰਚਾ ਸਕਦੇ ਹਨ।

ਫ਼ਾਰਮਰਜ਼ ਮਾਰਕਿਟ’ ਦਾ ‘ਹਾਰਵੈਸਟਿਂਗ ਹੈਲਥੀ ਹੈਬਿਟਜ਼’ ਕੂਪੌਨ ਪ੍ਰੋਗਰਾਮ
ਬੀ.ਸੀ. ਦੇ ਸਾਰੇ ਲੋਕ ਤਾਜ਼ੇ, ਅਤੇ ਪੌਸ਼ਟਿਕ ਭੋਜਨ ਤੱਕ ਪਹੁੰਚ ਪ੍ਰਾਪਤ ਕਰਨ ਦੇ ਹੱਕਦਾਰ ਹਨ, ਅਤੇ ਫ਼ਾਰਮਰਜ਼ ਮਾਰਕਿਟਾਂ ਅਜੇਹੇ ਭੋਜਨ ਪ੍ਰਾਪਤ ਕਰਨ ਲਈ ਇੱਕ ਵਧੀਆ ਜਗ੍ਹਾ ਹਨ। ਇਹ ਪ੍ਰੋਗਰਾਮ ਵਧੇਰੇ ਲੋਕਾਂ ਨੂੰ ਭੋਜਨ ਪ੍ਰਾਪਤ ਕਰਾਉਣ ਅਤੇ ਮਾਰਕਿਟਾਂ ਵਿੱਚ ਵਧੇਰੇ ਲੋਕਾਂ ਦੇ ਫੇਰਾ ਪਾਉਣ ਵਿੱਚ ਮਦਦ ਕਰ ਰਿਹਾ ਹੈ, ਜਿਸ ਨਾਲ ਸਥਾਨਕ ਕਿਸਾਨਾਂ ਨੂੰ ਮਦਦ ਮਿਲਦੀ ਹੈ, ਭਾਈਚਾਰਿਆਂ ਨੂੰ ਆਰਥਿਕ ਤੌਰ ਤੇ ਬਿਹਤਰ ਬਣਾਇਆ ਜਾਂਦਾ ਹੈ ਅਤੇ ਸਾਡੇ ਸੂਬੇ ਦੀ ਭੋਜਨ ਸੁਰੱਖਿਆ (food security) ਵਿੱਚ ਮਦਦ ਹੁੰਦੀ ਹੈ।
ਹਰੇਕ ਲਈ ਪਬਲਿਕ ਹੈਲਥ ਵਿੱਚ ਸੁਧਾਰ ਕਰਨਾ
ਅਸੀਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੈਲਥ ਕੇਅਰ ਨੂੰ ਬਿਹਤਰ ਬਣਾਉਣ ਲਈ ਨਵੇਂ ਤਰੀਕੇ ਅਪਣਾ ਰਹੇ ਹਾਂ, ਜਿਸ ਲਈ ਅਸੀਂ ਸਭ ਲਈ ਕੰਮ ਕਰਨ ਵਾਲੇ ਨਵੇਂ ਢੰਗ ਆਪਣਾ ਕੇ ਕੰਮ ਨੂੰ ਅੱਗੇ ਵਧਾਉਣ ਲਈ ਕਾਰਵਾਈ ਕਰ ਰਹੇ ਹਾਂ।

ਹੈਲਥ ਕੇਅਰ ਸਿਸਟਮ ਨੂੰ ਸੱਭਿਆਚਾਰਕ ਤੌਰ ‘ਤੇ ਹੋਰ ਸੁਰੱਖਿਅਤ ਬਣਾਉਣ ਲਈ ਇਸ ਵਿੱਚ ਸੁਧਾਰ ਕਰਨਾ
ਸਿਹਤ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਹੈਲਥ ਕੇਅਰ ਤੱਕ ਵਧੇਰੇ ਨਿਰਪੱਖ ਪਹੁੰਚ। ਇਸਦਾ ਮਤਲਬ ਹੈ ਬਿਹਤਰ ਸਿਖਲਾਈ ਅਤੇ ਸਿੱਖਿਆ, ਤਾਂ ਜੋ ਅਸੀਂ ਬੀ.ਸੀ. ਵਿੱਚ ਹਰ ਕਿਸੇ ਲਈ ਸੰਭਾਲ ਦੇ ਸੱਭਿਆਚਾਰਕ ਤੌਰ ‘ਤੇ ਵਧੇਰੇ ਸੁਰੱਖਿਅਤ ਸਿਸਟਮ ਦਾ ਨਿਰਮਾਣ ਕਰ ਸਕੀਏ।

ਨਸ਼ੇ ਦੀ ਲਤ ਨੂੰ ਸਿਹਤ ਦੇ ਮੁੱਦੇ ਵਜੋਂ ਦੇਖਦੇ ਹੋਏ ਇਲਾਜ ਕਰਨਾ, ਨਾ ਕਿ ਅਪਰਾਧ ਵਜੋਂ
ਬਦਨਾਮੀ, ਇੱਕਲਤਾ ਅਤੇ ਅਪਰਾਧਿਕ ਦੋਸ਼ਾਂ ਦੇ ਡਰ ਨੂੰ ਖਤਮ ਕਰਕੇ ਜਾਨਾਂ ਬਚਾਉਣੀਆਂ, ਜੋ ਅਕਸਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਮਦਦ ਲਈ ਪਹੁੰਚ ਕਰਨ ਤੋਂ ਰੋਕਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਇਕੱਲੇ ਕਰਨ ਵੱਲ ਲੈ ਜਾਂਦੇ ਹਨ।

ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੂਝ ਰਹੇ ਲੋਕਾਂ ਦੀ ਰਿਕਵਰੀ ਲਈ ਮਾਰਗ ਬਣਾਉਣਾ
ਨੌਜਵਾਨਾਂ ਅਤੇ ਬਾਲਗਾਂ ਲਈ ਇਲਾਜ ਅਤੇ ਰਿਕਵਰੀ ਸੇਵਾਵਾਂ ਵਿੱਚ ਸੰਭਾਲ ਦੇ ਪੱਧਰ ਵਿੱਚ ਸੁਧਾਰ। ਇਸ ਦਾ ਮਤਲਬ ਹੈ ਕਿ ਮਾਨਸਿਕ-ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕ ਉਸ ਮਦਦ ਤੱਕ ਬੇਹਤਰ ਤਰੀਕੇ ਨਾਲ ਅਤੇ ਹੋਰ ਤੇਜ਼ੀ ਨਾਲ ਪਹੁੰਚ ਕਰਨ ਦੇ ਯੋਗ ਹੋਣਗੇ ਜਿਸਦੀ ਉਹਨਾਂ ਨੂੰ ਲੋੜ ਹੈ।

ਕੈਂਸਰ ਦਾ ਪਤਾ ਲਗਾਉਣਾ, ਇਲਾਜ ਅਤੇ ਰੋਕਥਾਮ ਵਿੱਚ ਸੁਧਾਰ ਕਰਨ ਲਈ ਕਾਰਵਾਈ ਕਰਨਾ
ਬੀ.ਸੀ. ਵਿੱਚ ਲਗਭਗ ਹਰ ਕੋਈ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਸਮੇਂ ਕੈਂਸਰ ਤੋਂ ਪ੍ਰਭਾਵਤ ਹੋਇਆ ਹੈ। ਬੇਹਤਰ ਰੋਕਥਾਮ ਕਾਰਜਨੀਤੀਆਂ, ਬਿਮਾਰੀ ਦਾ ਸ਼ੁਰੂਆਤ ਵਿੱਚ ਪਤਾ ਲਗਾਉਣਾ, ਵਧੇਰੇ ਤੇਜ਼ ਇਲਾਜ ਅਤੇ ਟੀਮ-ਅਧਾਰਿਤ ਸਹਾਇਤਾ ਸੇਵਾਵਾਂ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਕਿ ਬੀ.ਸੀ. ਦੇ ਲੋਕ ਅਜਿਹੀ ਕੈਂਸਰ ਸੰਭਾਲ ਲੈ ਸਕਦੇ ਹਨ ਜਿਸ ‘ਤੇ ਉਹ ਭਰੋਸਾ ਕਰ ਸਕਦੇ ਹਨ – ਜਿੱਥੇ ਅਤੇ ਜਦੋਂ ਉਹਨਾਂ ਨੂੰ ਇਸ ਦੀ ਲੋੜ ਹੈ।

ਹੈਪੇਟਾਈਟਸ ਸੀ (Hepatitis C) ਨੂੰ ਖਤਮ ਕਰਨ ਲਈ ਕਾਰਵਾਈ ਕਰਨਾ
ਹੈਪੇਟਾਈਟਸ ਸੀ (Hepatitis C) ਇੱਕ ਇਲਾਜਯੋਗ ਬਿਮਾਰੀ ਹੈ, ਜਿਸ ਲਈ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਲਈ ਬੀ ਸੀ ਫਾਰਮਾਕੇਅਰ ਦੁਆਰਾ ਬਹੁਤ ਅਸਰਦਾਰ ਦਵਾਈਆਂ ਨਾਲ ਮੁਫ਼ਤ ਇਲਾਜ ਉਪਲਬਧ ਹਨ।

ਪ੍ਰਾਇਮਰੀ ਹੈਲਥ ਕੇਅਰ ਕਾਰਜਨੀਤੀ ਦੇ ਨਾਲ ਵਧੇਰੇ ਤੇਜ਼, ਟੀਮ-ਅਧਾਰਿਤ ਸੰਭਾਲ ਪ੍ਰਦਾਨ ਕਰਨਾ
ਇਸ ਕਾਰਜਨੀਤੀ ਦਾ ਮੁੱਖ ਅਧਾਰ ਨਵੀਂ ਟੀਮ-ਅਧਾਰਿਤ ਸੰਭਾਲ ‘ਤੇ ਕੇਂਦਰਿਤ ਹੈ, ਜਿਸ ਦੇ ਤਹਿਤ ਸਰਕਾਰੀ ਫੰਡ ਦੀ ਸਹਾਇਤਾ ਨਾਲ ਵਧੇਰੇ ਡਾਕਟਰਾਂ, ਨਰਸ ਪ੍ਰੈਕਟੀਸ਼ਨਰਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਨਾਲ ਸਿਹਤ-ਸੰਭਾਲ ਸੇਵਾਵਾਂ ਇੱਕ ਵਾਰ ਫੇਰ ਮਰੀਜ਼ਾਂ ‘ਤੇ ਕੇਂਦਰਿਤ ਕੀਤੀਆਂ ਜਾ ਸਕਣਗੀਆਂ।

ਹੈਲਥ ਕੇਅਰ ਵਿੱਚ ਇੰਡੀਜਨਸ (ਮੂਲਵਾਸੀ) ਨਸਲਵਾਦ ਨੂੰ ਸੰਬੋਧਿਤ ਕਰਨਾ
ਲੋਕਾਂ ਨੂੰ ਲੋੜੀਂਦੀ ਹੈਲਥ ਕੇਅਰ ਪ੍ਰਾਪਤ ਕਰਨ ਵੇਲੇ ਕਿਸੇ ਪੱਖਪਾਤ, ਅਸਵੀਕਾਰਤਾ, ਬਦਸਲੂਕੀ ਜਾਂ ਨੁਕਸਾਨ ਦਾ ਅਨੁਭਵ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਇੰਡੀਜਨਸ-ਵਿਸ਼ੇਸ਼ ਨਸਲਵਾਦ ਨੂੰ ਸੁਲਝਾਉਣ ਅਤੇ ਖ਼ਤਮ ਕਰਨ ਲਈ ਕੰਮ ਕਰਨਾ।