ਇੱਕ ਮਜ਼ਬੂਤ ਆਰਥਿਕਤਾ ਵਿੱਚ ਚੰਗੀਆਂ ਨੌਕਰੀਆਂ ਅਤੇ ਸਿਖਲਾਈ
ਬੀ.ਸੀ. ਰਹਿਣ ਅਤੇ ਕੰਮ ਕਰਨ ਲਈ ਇੱਕ ਵਧੀਆ ਥਾਂ ਹੈ – ਸਾਡੀ ਆਰਥਿਕਤਾ ਵਿੱਚ ਕੈਨੇਡਾ ਵਿੱਚ ਸਭ ਤੋਂ ਮਜ਼ਬੂਤ ਵਿਕਾਸ ਹੋ ਰਿਹਾ ਹੈ, ਸਭ ਤੋਂ ਵੱਧ ਭੁਗਤਾਨ ਹੈ, ਅਤੇ ਦੂਜੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ।
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕੋਈ ਸਾਡੀ ਮਜ਼ਬੂਤ, ਅਤੇ ਟਿਕਾਊ ਆਰਥਿਕਤਾ ਵਿੱਚ ਸਫਲ ਹੋਵੇ, ਮੌਕਿਆਂ ਦਾ ਲਾਭ ਉਠਾਵੇ ਅਤੇ ਇੱਥੇ ਇੱਕ ਵਧੀਆ ਜੀਵਨ ਬਿਤਾਉਣ ਲਈ ਤਿਆਰ ਹੋਵੇ।
ਇਸ ਲਈ ਅਸੀਂ ਚੰਗੀਆਂ ਨੌਕਰੀਆਂ ਪੈਦਾ ਕਰਨ, ਉੱਚ ਮੌਕਿਆਂ ਵਾਲੇ ਖੇਤਰਾਂ ਵਿੱਚ ਘੱਟ ਲਾਗਤ ਵਾਲੀ ਅਤੇ ਮੁਫ਼ਤ ਸਿਖਲਾਈ ਦਾ ਵਿਸਤਾਰ ਕਰਨ ਅਤੇ ਕਾਰੋਬਾਰਾਂ ਨੂੰ ਕਾਮਿਆਂ ਨੂੰ ਕੰਮ ‘ਤੇ ਰੱਖਣ ਅਤੇ ਵਾਧੇ ਵਿੱਚ ਮਦਦ ਕਰਨ ਲਈ ਕਾਰਵਾਈ ਕਰ ਰਹੇ ਹਾਂ।
ਹੁਣੇ ਨੌਕਰੀ ਅਤੇ ਸਿਖਲਾਈ ਸੰਬੰਧੀ ਮਦਦ ਲੱਭੋ
ਆਪਣੀ ਸਿੱਖਿਆ ਅਤੇ ਸਿਖਲਾਈ ‘ਤੇ ਬਚਤ ਕਰੋ
ਵਿਦਿਆਰਥੀ ਇੱਕ ਸੰਤੁਸ਼ਟੀਜਨਕ ਪੇਸ਼ੇ ਲਈ ਸਿੱਖਿਆ ਅਤੇ ਸਿਖਲਾਈ ਦੇ ਖ਼ਰਚਿਆਂ ਵਿੱਚ ਮਦਦ ਲੈਣ ਲਈ ਵਧੇਰੇ ਫੰਡ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ। ਵਿਦਿਆਰਥੀ ਕਰਜ਼ਿਆਂ ‘ਤੇ ਵਿਆਜ 2019 ਵਿੱਚ ਖਤਮ ਕਰ ਦਿੱਤਾ ਗਿਆ ਸੀ, ਜਿਸ ਨਾਲ ਹਜ਼ਾਰਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਹੁਣ ਤੱਕ $145 ਮਿਲੀਅਨ ਦੀ ਬਚਤ ਹੋਈ ਹੈ।
ਆਪਣੇ ਅੰਤਰਰਾਸ਼ਟਰੀ ਪ੍ਰਮਾਣ ਪੱਤਰ ਲਈ ਤੇਜ਼ੀ ਨਾਲ ਮਾਨਤਾ ਪ੍ਰਾਪਤ ਕਰੋ
ਕੀ ਤੁਸੀਂ ਕੈਨੇਡਾ ਤੋਂ ਬਾਹਰ ਸਿਖਲਾਈ ਪ੍ਰਾਪਤ ਇੱਕ ਇੰਜੀਨੀਅਰ ਜਾਂ ਅਧਿਆਪਕ ਹੋ ਅਤੇ ਤੁਹਾਨੂੰ ਆਪਣੀ ਮੁਹਾਰਤ ਅਨੁਸਾਰ ਕੰਮ ਲੱਭਣਾ ਮੁਸ਼ਕਿਲ ਲੱਗ ਰਿਹਾ ਹੈ? ਬੀ.ਸੀ. ਵਿੱਚ ਆਪਣੇ ਅੰਤਰਰਾਸ਼ਟਰੀ ਪੇਸ਼ੇਵਰ ਪ੍ਰਮਾਣ ਪੱਤਰ (ਕ੍ਰੀਡੈਨਸ਼ੀਅਲ) ਲਈ ਤੇਜ਼ੀ ਨਾਲ ਮਾਨਤਾ ਪ੍ਰਾਪਤ ਕਰੋ।
ਆਪਣੇ ਕਾਰੋਬਾਰ ਵਿੱਚ ਵਾਧੇ ਅਤੇ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ ਮਦਦ ਲਓ
ਬੀ.ਸੀ. ਨੇ 2022 ਵਿੱਚ 66,000 ਨਵੀਆਂ ਨੌਕਰੀਆਂ ਅਤੇ 2023 ਵਿੱਚ ਲਗਭਗ 75,000 ਨਵੀਆਂ ਨੌਕਰੀਆਂ ਪੈਦਾ ਕੀਤੀਆਂ। ਆਪਣੇ ਕਾਰੋਬਾਰ ਲਈ ਖ਼ਰਚਿਆਂ ‘ਤੇ ਬਚਤ ਕਰਨ ਲਈ ਵਸੀਲੇ ਲੱਭੋ ਤਾਂ ਜੋ ਤੁਸੀਂ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਲਈ ਵਧੇਰੇ ਨਿਵੇਸ਼ ਕਰ ਸਕੋ।
ਅੱਗੇ ਵਧਣ ਲਈ ਮੁਫ਼ਤ ਜਾਂ ਘੱਟ ਲਾਗਤ ਵਾਲੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰੋ
ਅਸੀਂ ਵਿੱਤੀ ਸਹਾਇਤਾ ਵਧਾਉਣ, ਉੱਚ ਮੰਗ ਵਾਲੇ ਉਦਯੋਗਾਂ ਵਿੱਚ ਵਿਦਿਆਰਥੀ ਥਾਂਵਾਂ ਵਿੱਚ ਵਾਧਾ ਕਰਨ, ਸਿੱਖਿਆ ਦੇ ਵਸੀਲਿਆਂ ਲਈ ਫੰਡ ਸਹਾਇਤਾ ਦੇਣ ਅਤੇ ਵਿਦਿਆਰਥੀ ਰਿਹਾਇਸ਼ਾਂ ਬਣਾਉਣ ਲਈ $1 ਬਿਲੀਅਨ ਤੋਂ ਵੱਧ ਹੋਰ ਉਪਲਬਧ ਕੀਤੇ ਹਨ।
ਅੱਗੇ ਵਧਣ ਲਈ ਲੋੜੀਂਦੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ।
ਉੱਚ ਮੰਗ ਵਾਲੇ ਕਰੀਅਰ ਲਈ ਆਪਣਾ ਮਾਰਗ ਲੱਭੋ
ਬੀ.ਸੀ. ਵਿੱਚ ਅਗਲੇ ਦਹਾਕੇ ਵਿੱਚ ਲਗਭਗ ਇੱਕ ਮਿਲੀਅਨ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਨਵਾਂ ‘ਫਾਈਂਡ ਯੌਰ ਪਾਥ’ (Find Your Path) ਡਿਜੀਟਲ ਟੂਲ ਰੁਜ਼ਗਾਰ ਦੇਣ ਵਾਲਿਆਂ, ਕਾਮਿਆਂ ਅਤੇ ਵਿਦਿਆਰਥੀਆਂ ਨੂੰ 250 ਤੋਂ ਵੱਧ ਉੱਚ ਮੰਗ ਵਾਲੇ ਪੇਸ਼ਿਆਂ ਲਈ ਵਿਦਿਅਕ ਮਾਰਗਾਂ ਦੀ ਪੜਚੋਲ ਕਰਨ ਅਤੇ ਤਿਆਰ ਕਰਨ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਜਾਣਨ ਲਈ ਉਤਸੁਕ ਹੋ ਕਿ ਤੁਹਾਡੀ ਸਿੱਖਿਆ ਤੁਹਾਨੂੰ ਕਿੱਥੇ ਲੈ ਜਾ ਸਕਦੀ ਹੈ? ਪੱਕਾ ਨਹੀਂ ਪਤਾ ਕਿ ਆਪਣੇ ਸੁਪਨੇ ਦੀ ਨੌਕਰੀ ਤੱਕ ਕਿਵੇਂ ਪਹੁੰਚਣਾ ਹੈ? ਅੱਜ ਹੀ ਸ਼ੁਰੂਆਤ ਕਰੋ ਅਤੇ ਇੱਕ ਸਫਲ ਭਵਿੱਖ ਵੱਲ ਆਪਣਾ ਰਸਤਾ ਤਿਆਰ ਕਰੋ।
TradeUpBC ‘ਤੇ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਹੁਨਰ ਅਤੇ ਸਿਖਲਾਈ ਬਾਰੇ ਤਾਜ਼ਾ ਜਾਣਕਾਰੀ ਲਓ
ਜੇ ਤੁਸੀਂ ਟ੍ਰੇਡ ਦੇ ਖੇਤਰ ਨਾਲ ਸੰਬੰਧਤ ਇੱਕ ਤਜਰਬੇਕਾਰ ਕਾਮੇ ਹੋ, ਅਤੇ ਆਪਣੇ ਕਰੀਅਰ ਵਿੱਚ ਅੱਗੇ ਵਧਣ ਅਤੇ ਭਵਿੱਖ ਦੇ ਮੌਕਿਆਂ ਲਈ ਤਿਆਰ ਹੋਣ ਲਈ ਨਵੇਂ ਹੁਨਰ ਅਤੇ ਸਿਖਲਾਈ ਦੀ ਭਾਲ ਕਰ ਰਹੇ ਹੋ, ਤਾਂ ਅੱਜ ਹੀ TradeUpBC ਦੀ ਪੜਚੋਲ ਕਰੋ। ਇਹ ਬੀ.ਸੀ. ਅਤੇ ਯੂਕੌਨ ਭਰ ਦੀਆਂ ਉਨ੍ਹਾਂ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਇਕੱਠਾ ਕਰਦਾ ਹੈ ਜੋ ਵਪਾਰਕ ਪੇਸ਼ੇਵਰਾਂ ਲਈ ਮਾਈਕਰੋਕ੍ਰਿਡੈਨਸ਼ੀਆਲ ਅਤੇ ਪੇਸ਼ੇਵਰ ਵਿਕਾਸ ਪ੍ਰੋਗਰਾਮ ਪੇਸ਼ ਕਰਦੇ ਹਨ।
ਰੁਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਹੁਨਰ ਸਿਖਲਾਈ ਅਤੇ ਸਹਾਇਤਾ ਲੱਭੋ
2019 ਵਿੱਚ ਸ਼ੁਰੂ ਕੀਤੀ ਗਈ, ਰੁਜ਼ਗਾਰ ਪ੍ਰੋਗਰਾਮਾਂ ਲਈ ਹੁਨਰ ਸਿਖਲਾਈ ਲੋਕਾਂ ਨੂੰ ਪ੍ਰੋਗਰਾਮਿੰਗ ਵਿੱਚ ਭਾਗ ਲੈਣ ਅਤੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਲਈ ਹੁਨਰ ਸਿਖਲਾਈ ਅਤੇ ਸੰਗਠਿਤ (ਰੈਪਅਰਾਊਂਡ) ਸਹਾਇਤਾ ਪ੍ਰਦਾਨ ਕਰਦੀ ਹੈ। ਸੂਬੇ ਨੇ ਸੂਬੇ ਭਰ ਦੇ ਭਾਈਚਾਰਿਆਂ ਵਿੱਚ ਲਗਭਗ 7,500 ਸਹਾਇਤਾ ਪ੍ਰਾਪਤ ਲੋਕਾਂ ਦੀ ਗਿਣਤੀ ਵਧਾਉਣ ਲਈ ਤਿੰਨ ਸਾਲਾਂ ਵਿੱਚ $44.5 ਮਿਲੀਅਨ ਦਾ ਨਿਵੇਸ਼ ਕੀਤਾ ਹੈ।
ਆਪਣੇ ਕਾਰੋਬਾਰ ਦੇ ਸਫਲ ਹੋਣ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰੋ
ਸਾਡਾ ਟੀਚਾ ਬੀ.ਸੀ. ਦੇ ਕਾਰੋਬਾਰਾਂ ਨੂੰ ਚੰਗੀਆਂ ਨੌਕਰੀਆਂ ਪੈਦਾ ਕਰਨ ਅਤੇ ਇੱਕ ਮਜ਼ਬੂਤ, ਟਿਕਾਊ ਆਰਥਿਕਤਾ ਬਣਾਉਣ ਵਿੱਚ ਸਹਾਇਤਾ ਕਰਨਾ ਹੈ, ਜੋ ਹਰ ਕਿਸੇ ਨੂੰ ਲਾਭ ਪਹੁੰਚਾਉਂਦੀ ਹੈ।
ਬੀ.ਸੀ. ਦੇ ਉੱਦਮਕਰਤਾਵਾਂ ਵਾਸਤੇ ਫੰਡ ਸਹਾਇਤਾ ਲਈ ਨਵੀਂ ਇਨ ਬੀ ਸੀ ਇਨਵੈਸਟਮੈਂਟ ਕੌਰਪੋਰੇਸ਼ਨ (InBC Investment Corporation)
ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉੱਚ ਮੁਨਾਫੇ ਦੀ ਸੰਭਾਵਨਾ ਵਾਲੇ ਕਾਰੋਬਾਰਾਂ ਕੋਲ InBC ਤੋਂ $500 ਮਿਲੀਅਨ ਦੇ ਕਾਰਜਨੀਤਕ ਨਿਵੇਸ਼ ਫੰਡ ਨਾਲ ਕੰਮ ਦੇ ਕਾਰਜ-ਖੇਤਰ ਨੂੰ ਵਧਾਉਣ, ਹੁਨਰਮੰਦ ਕਾਮਿਆਂ ਨੂੰ ਬਰਕਰਾਰ ਰੱਖਣ ਅਤੇ ਚੰਗੀਆਂ ਨੌਕਰੀਆਂ ਪੈਦਾ ਕਰਨ ਦੇ ਵਧੇਰੇ ਮੌਕੇ ਹਨ।
‘ਵਰਕਪਲੇਸ ਇਨੋਵੇਸ਼ਨ ਫੰਡ’ ਲਈ ਅਗਲੇ ਦਾਖਲੇ ਤੋਂ ਪਹਿਲਾਂ ਤਿਆਰ ਰਹੋ
‘ਵਰਕਪਲੇਸ ਇਨੋਵੇਸ਼ਨ ਫੰਡ’ (Workplace Innovation Fund) ਲੇਬਰ ਦੀ ਕਮੀ ਨੂੰ ਦੂਰ ਕਰਨ ਅਤੇ ਕਰਮਚਾਰੀਆਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਉਤਪਾਦਕਤਾ ਵਧਾਉਣ ਵਾਸਤੇ ਨਵੀਂ ਤਕਨਾਲੋਜੀ ਅਤੇ ਪ੍ਰਕਿਰਿਆਵਾਂ ਨੂੰ ਅਪਣਾਉਣ ਲਈ ਪ੍ਰਮੁੱਖ ਖੇਤਰਾਂ ਦੀ ਸਹਾਇਤਾ ਕਰਦਾ ਹੈ।
ਆਰਥਿਕ ਵਿਕਾਸ ਫੰਡ ਅਤੇ ਗ੍ਰਾਂਟਾਂ ਲੱਭੋ
ਸਾਡੇ ਡਾਟਾਬੇਸ ਨੂੰ ਆਸਾਨੀ ਨਾਲ ਖੋਜ ਕੇ ਆਪਣੀਆਂ ਆਰਥਿਕ ਵਿਕਾਸ ਪਹਿਲਕਦਮੀਆਂ ਲਈ ਵਿੱਤੀ ਸਹਾਇਤਾ ਲੱਭੋ।
ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰੋ
ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਛੋਟੇ ਕਾਰੋਬਾਰ ਨੂੰ ਸ਼ੁਰੂ ਕਰਨ, ਸੰਭਾਲਣ ਅਤੇ ਵਧਾਉਣ ਲਈ ਸਰੋਤ ਅਤੇ ਸਹਾਇਤਾ ਲੱਭੋ। ਸਰਕਾਰਾਂ ਅਤੇ ਸੰਸਥਾਵਾਂ ਜਿਵੇਂ ਕਿ ‘ਸਮੌਲ ਬਿਜ਼ਨਸ ਬੀ ਸੀ’ (Small Business BC) ਮਦਦ ਕਰ ਸਕਦੀਆਂ ਹਨ।
WorkBC ਰਾਹੀਂ ਕਾਮਿਆਂ ਨਾਲ ਜੁੜੋ
ਵਰਕ ਬੀ ਸੀ (WorkBC) ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਦੀ ਦੁਨੀਆ ਵਿੱਚ ਤੁਹਾਨੂੰ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ। ਇਸਦਾ ਮੁੱਖ ਟੀਚਾ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਬੀ.ਸੀ. ਦੀ ਲੇਬਰ ਮਾਰਕਿਟ ਵਿੱਚ ਸਫਲਤਾਪੂਰਵਕ ਮਾਰਗ ਦਰਸ਼ਨ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨਾ ਹੈ। WorkBC ਨੌਕਰੀ ਲੱਭਣ ਵਾਲਿਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਜੋੜਦਾ ਹੈ – ਲੋਕਾਂ ਨੂੰ ਨੌਕਰੀਆਂ ਲੱਭਣ, ਕਰੀਅਰ ਦੇ ਵਿਕਲਪਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੇ ਹੁਨਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ, ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਸਹੀ ਹੁਨਰਮੰਦ ਕਾਮੇ ਲੱਭਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।
ਨੌਕਰੀ ‘ਤੇ ਆਪਣੇ ਅਧਿਕਾਰਾਂ ਅਤੇ ਵੱਖ-ਵੱਖ ਬੈਨਿਫ਼ਿਟ ਬਾਰੇ ਜਾਣੋ
ਮਿਨਿਮਮ ਵੇਜ ਵਿੱਚ ਵਾਧਾ
ਬੀ.ਸੀ. ਵਿੱਚ ਹਰ ਵਰਕਰ ਆਪਣੇ ਕੰਮ ਲਈ ਉਚਿਤ ਭੁਗਤਾਨ ਦਾ ਹੱਕਦਾਰ ਹੈ। ਇਹੀ ਕਾਰਨ ਹੈ ਕਿ 1 ਜੂਨ, 2024 ਨੂੰ ਬ੍ਰਿਟਿਸ਼ ਕੋਲੰਬੀਆ ਦੀ ‘ਮਿਨਿਮਮ ਵੇਜ’ (ਪ੍ਰਤੀ ਘੰਟਾ ਘੱਟ ਤੋਂ ਘੱਟ ਭੁਗਤਾਨ) $16.75 ਪ੍ਰਤੀ ਘੰਟਾ ਤੋਂ ਵਧ ਕੇ $17.40 ਪ੍ਰਤੀ ਘੰਟਾ ਹੋ ਗਈ ਹੈ।
ਕਾਮਿਆਂ ਨੂੰ ਐਸਬੈਸਟਸ ਤੋਂ ਸੁਰੱਖਿਅਤ ਕਰਨਾ
ਲੋਕਾਂ ਨੂੰ ਐਸਬੈਸਟਸ ਦੇ ਖਤਰੇ ਤੋਂ ਸੁਰੱਖਿਅਤ ਰੱਖਣ ਲਈ ਨਵੇਂ ਨਿਯਮ ਹੁਣ ਲਾਗੂ ਹੋ ਗਏ ਹਨ। ਕਾਮਿਆਂ ਦਾ ਸਰਟੀਫਾਇਡ ਹੋਣਾ ਲਾਜ਼ਮੀ ਹੈ ਅਤੇ ਰੁਜ਼ਗਾਰ ਦੇਣ ਵਾਲਿਆਂ ਕੋਲ ਐਸਬੈਸਟਸ ਅਬੇਟਮੈਂਟ (ਮਨੁੱਖੀ ਸਿਹਤ ਦੇ ਖਤਰੇ ਨੂੰ ਘੱਟ ਤੋਂ ਘੱਟ ਕਰਨ ਲਈ ਐਸਬੈਸਟਸ ਨੂੰ ਹਟਾਉਣ ਜਾਂ ਇਸ ਦੀ ਰੋਕਥਾਮ ਲਈ ਪ੍ਰਕਿਰਿਆਵਾਂ) ਲਈ ਲਾਇਸੈਂਸ ਹੋਣਾ ਲਾਜ਼ਮੀ ਹੈ, ਜਿਸ ਵਿੱਚ ਐਸਬੈਸਟਸ ਨੂੰ ਹਟਾਉਣਾ, ਉਸ ਦੀ ਢੋਆ-ਢੁਆਈ ਕਰਨੀ ਅਤੇ ਨਿਪਟਾਰਾ ਕਰਨਾ ਸ਼ਾਮਲ ਹੈ।
ਐਸਬੈਸਟਸ ਨਾਲ ਸੰਬੰਧਤ ਬਿਮਾਰੀਆਂ ਬੀ.ਸੀ. ਵਿੱਚ ਕੰਮ ਵਾਲੀ ਥਾਂ ਨਾਲ ਸੰਬੰਧਿਤ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਹਨ, ਅਤੇ ਅਸੀਂ ਕੈਨੇਡਾ ਦਾ ਪਹਿਲਾ ਸੂਬਾ ਹਾਂ ਜਿਸ ਨੇ ਐਸਬੈਸਟਸ ਦੇ ਸੰਪਰਕ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇੱਕ ਨਿਸ਼ਚਿਤ ਲਾਇਸੈਂਸਿੰਗ ਪ੍ਰੋਗਰਾਮ ਪੇਸ਼ ਕੀਤਾ ਹੈ।
ਐਪ-ਅਧਾਰਿਤ ਗਿੱਗ ਵਰਕਰਾਂ ਲਈ ਕੰਮ ਕਰਨ ਦੀਆਂ ਪਰਿਸਥਿਤੀਆਂ ਵਿੱਚ ਸੁਧਾਰ
ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲੀਵਰੀ ਸੇਵਾਵਾਂ ਵਾਲੇ ਗਿੱਗ ਵਰਕਰਾਂ ਕੋਲ ਜਲਦੀ ਹੀ ਕੰਮ ਕਰਨ ਦੀਆਂ ਬਿਹਤਰ ਪਰਿਸਥਿਤੀਆਂ ਹੋਣਗੀਆਂ ਕਿਉਂਕਿ ਅਸੀਂ ਇਸ ਖੇਤਰ ਵਿੱਚ ਵੱਡੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਾਂ, ਜਿਸ ਵਿੱਚ ਅਨਿਸ਼ਚਿਤ ਤਨਖਾਹਾਂ, ਬਿਨਾਂ ਚਿਤਾਵਨੀ ਦੇ ਨੌਕਰੀ ਤੋਂ ਹਟਾ ਦਿੱਤੇ ਜਾਣਾ ਅਤੇ ਨੌਕਰੀ ‘ਤੇ ਜ਼ਖਮੀ ਹੋਣ ‘ਤੇ ਵਰਕਰਾਂ ਦੇ ਮੁਆਵਜ਼ੇ (workers’ compensation) ਦੀ ਕਵਰੇਜ ਦੀ ਕਮੀ ਵਰਗੇ ਮੁੱਦੇ ਸ਼ਾਮਲ ਹਨ। ਇਹ ਪਹਿਲਕਦਮੀਆਂ ਐਪ-ਅਧਾਰਿਤ ਵਰਕਰਾਂ ਦੀ ਸਹਾਇਤਾ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਬੀ.ਸੀ. ਦੇ ਤਨਖਾਹ ਦੇ ਲਿੰਗ ਅਧਾਰਿਤ ਅੰਤਰ ਨੂੰ ਖਤਮ ਕਰਨ ਵਿੱਚ ਮਦਦ ਕਰਨਾ
ਬੀ.ਸੀ. ਤਨਖਾਹ ਦੇ ਲਿੰਗ ਅਧਾਰਿਤ ਅੰਤਰ ਨੂੰ ਦੂਰ ਕਰਨ ਲਈ ਕਾਰਵਾਈ ਕਰ ਰਿਹਾ ਹੈ। ਰੁਜ਼ਗਾਰ ਦੇਣ ਵਾਲਿਆਂ ਨੂੰ ਹੁਣ ਸਾਰੀਆਂ ਜਨਤਕ ਨੌਕਰੀਆਂ ਦੀਆਂ ਪੋਸਟਿੰਗਾਂ ਵਿੱਚ ਤਨਖਾਹ ਦੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਹੈ ਅਤੇ 1,000 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਮਾਲਕਾਂ ਨੂੰ ਮਰਦਾਂ ਅਤੇ ਔਰਤਾਂ ਲਈ ਅੰਤਰ ਨੂੰ ਜਨਤਕ ਤੌਰ ‘ਤੇ ਉਪਲਬਧ ਕਰਵਾਉਣਾ ਲਾਜ਼ਮੀ ਹੈ। ਇਹ ਤਬਦੀਲੀਆਂ ਉਸ ਭੇਦਭਾਵ ਨੂੰ ਦੂਰ ਕਰਨ ਵਿੱਚ ਮਦਦ ਕਰਨਗੀਆਂ, ਜਿਨ੍ਹਾਂ ਕਾਰਨ ਔਰਤਾਂ ਪਿੱਛੇ ਰਹਿ ਸਕਦੀਆਂ ਹਨ ਅਤੇ ਬੀ.ਸੀ. ਭਰ ਵਿੱਚ ਉਚਿਤ ਮੁਆਵਜ਼ਾ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਨਗੀਆਂ।
‘ਪੇਡ ਸਿੱਕ ਲੀਵ’ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ)
ਕਰਮਚਾਰੀਆਂ ਨੂੰ ਬਿਮਾਰੀ ਦੀ ਹਾਲਤ ਵਿੱਚ ਕੰਮ ’ਤੇ ਜਾਣ ਜਾਂ ਤਨਖਾਹ ਗੁਆਉਣ ਵਿੱਚੋਂ ਚੋਣ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ‘ਇੰਪਲੌਇਮੈਂਟ ਸਟੈਂਡਰਡਜ਼ ਐਕਟ’ (Employment Standards Act) ਦੇ ਅਧੀਨ ਆਉਣ ਵਾਲੇ ਜ਼ਿਆਦਾਤਰ ਕਾਮੇ ਰੁਜ਼ਗਾਰ ਦੇਣ ਵਾਲੇ ਦੁਆਰਾ ਪ੍ਰਦਾਨ ਕੀਤੀ ਜਾਂਦੀ ਪ੍ਰਤੀ ਸਾਲ ਪੰਜ ਦਿਨਾਂ ਦੀ ‘ਪੇਡ ਸਿੱਕ ਲੀਵ’ (ਤਨਖਾਹ ਸਮੇਤ ਬਿਮਾਰੀ ਲਈ ਛੁੱਟੀ) ਦੇ ਹੱਕਦਾਰ ਹਨ।